ਵੇਲਿੰਗਟਨ: ਨਿਊਜ਼ੀਲੈਂਡ ਕੋਰੋਨਾ ਮੁਕਤ ਦੇਸ਼ ਹੋ ਗਿਆ ਹੈ। ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਸੋਮਵਾਰ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਆਖਰੀ ਮਰੀਜ਼ ਦੇ ਕੋਰੋਨਾ ਵਾਇਰਸ ਤੇ ਜਿੱਤ ਪਾਉਣ ਮਗਰੋਂ ਦੇਸ਼ ਨੇ ਵਾਇਰਸ ਦੇ ਪਸਾਰ ਨੂੰ ਰੋਕ ਲਿਆ ਹੈ।
ਨਿਊਜ਼ੀਲੈਂਡ ‘ਚ ਵਾਇਰਸ ਦਾ ਆਖਰੀ ਮਾਮਲਾ 17 ਦਿਨ ਪਹਿਲਾਂ ਆਇਆ ਸੀ। ਸੋਮਵਾਰ ਅਜਿਹਾ ਦਿਨ ਬਣ ਗਿਆ ਜਦੋਂ ਦੇਸ਼ ‘ਚ ਕਿਸੇ ਦਾ ਵੀ ਇਲਾਜ ਨਹੀਂ ਚੱਲ ਰਿਹਾ।
ਉਨ੍ਹਾਂ ਦੱਸਿਆ ਕਿ ਪਿਛਲੇ 17 ਦਿਨਾਂ ‘ਚ 40,000 ਲੋਕਾਂ ਦੀ ਜਾਂਚ ਕੀਤੀ ਹੈ ਤੇ ਪਿਛਲੇ 12 ਦਿਨ ਤੋਂ ਕੋਈ ਹਸਪਤਾਲ ‘ਚ ਵੀ ਨਹੀਂ ਹੈ। ਮੰਤਰੀ ਮੰਡਲ ਨੇ ਮੱਧ ਰਾਤ ਤੋਂ ਦੇਸ਼ ਨੂੰ ਖੋਲ੍ਹਣ ਦੇ ਦੂਜੇ ਗੇੜ ਦੀ ਸਹਿਮਤੀ ਦੇ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਨਿਸਚਿਤ ਤੌਰ ‘ਤੇ ਮੁੜ ਮਾਮਲੇ ਆਉਣਗੇ ਪਰ ਇਹ ਅਸਫ਼ਲਤਾ ਦੀ ਨਿਸ਼ਾਨੀ ਨਹੀਂ ਹੋਵੇਗੀ। ਇਹ ਵਾਇਰਸ ਦੀ ਹਕੀਕਤ ਹੈ ਤੇ ਅਸੀਂ ਪੂਰੀ ਤਿਆਰੀ ਰੱਖਾਂਗੇ।
ਮਾਹਿਰਾਂ ਦਾ ਮੰਨਣਾ ਹੈ ਕਿ 50 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ‘ਚ ਵਾਇਰਸ ਖਤਮ ਹੋਣ ਪਿੱਛੇ ਕਈ ਕਾਰਨ ਹਨ। ਦੱਖਣੀ ਪ੍ਰਸ਼ਾਂਤ ‘ਚ ਸਥਿਤ ਹੋਣ ਕਾਰਨ ਇਸ ਦੇਸ਼ ਨੂੰ ਇਹ ਦੇਖਣ ਦਾ ਮੌਕਾ ਮਿਲਿਆ ਕਿ ਦੂਜੇ ਦੇਸ਼ਾਂ ‘ਚ ਇਹ ਵਾਇਰਸ ਕਿਵੇਂ ਫੈਲਿਆ। ਤੇਜ਼ੀ ਨਾਲ ਕਦਮ ਚੁੱਕਦਿਆਂ ਦੇਸ਼ ‘ਚ ਵਾਇਰਸ ਦੀ ਸ਼ੁਰੂਆਤ ‘ਚ ਵੀ ਲੌਕਡਾਊਨ ਦੇ ਸਖ਼ਤ ਨਿਯਮ ਲਾਗੂ ਕੀਤੇ ਗਏ ਤੇ ਦੇਸ਼ ਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ।ਨਿਊਜ਼ੀਲੈਂਡ ‘ਚ ਸਿਰਫ਼ 1500 ਲੋਕ ਕੋਰੋਨਾ ਦੀ ਲਪੇਟ ‘ਚ ਆਏ ਸਨ। ਇਨ੍ਹਾਂ ‘ਚੋਂ 22 ਲੋਕਾਂ ਦੀ ਮੌਤ ਹੋ ਗਈ ਜਦਕਿ ਬਾਕੀ ਠੀਕ ਹੋਕੇ ਘਰਾਂ ਨੂੰ ਪਰਤੇ। ਬੀਤੀ 28 ਫਰਵਰੀ ਨੂੰ ਇੱਥੇ ਪਹਿਲਾ ਕੋਰੋਨਾ ਵਾਇਰਸ ਦਾ ਮਰੀਜ਼ ਆਇਆ ਸੀ।