ਨਿਊਜ਼ੀਲੈਂਡ ‘ਚ ਪਹਿਲੇ ਭਾਰਤਵੰਸ਼ੀ ਮੰਤਰੀ ਵਜੋਂ ਇਤਿਹਾਸ ਸਿਰਜਣ ਦਾ ਸਿਹਰਾ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਦੇ ਸਿਰ ਬੱਝਾ ਹੈ ਜੋ ਲੇਬਰ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਅਗਵਾਈ ‘ਚ ਅਗਲੇ ਦਿਨੀਂ ਸਹੁੰ ਚੁੱਕਣਗੇ। 8 ਔਰਤਾਂ ਸਮੇਤ ਕੁਲ 20 ਮੈਂਬਰੀ ਸੂਚੀ ‘ਚ ਖ਼ਾਸ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਵਿਦੇਸ਼ ਮੰਤਰਾਲਾ ਕਿਸੇ ਔਰਤ ਨੂੰ ਦਿੱਤਾ ਗਿਆ ਹੈ ਜੋ ਮਾਓਰੀ ਭਾਈਚਾਰੇ ਨਾਲ ਸਬੰਧਤ ਹੈ। ਡਿਪਟੀ ਪ੍ਰਧਾਨ ਮੰਤਰੀ ਗਰਾਂਟ ਰੌਬਰਟਸਨ ਹੋਣਗੇ ਜੋ ਪਹਿਲਾਂ ਵੀ ਵਿੱਤ ਮੰਤਰੀ ਰਹਿ ਚੁੱਕੇ ਹਨ। ਇਮੀਗ੍ਰੇਸ਼ਨ ਮੰਤਰੀ ਪਹਿਲਾਂ ਦੀ ਤਰ੍ਹਾਂ ਕ੍ਰਿਸਫਾ ਫੋਈਨੂੰ ਹੀ ਹੋਣਗੇ। ਦੋ ਮੰਤਰਾਲੇ ਭਾਈਵਾਲ ਗਰੀਨ ਪਾਰਟੀ ਦੇ ਖਾਤੇ ‘ਚ ਗਏ ਹਨ। ਨਵੇਂ ਚਿਹਰਿਆਂ ਨਾਲ ਕੁਝ ਪੁਰਾਣਿਆਂ ਨੂੰ ਕੈਬਨਿਟ ‘ਚੋਂ ਬਾਹਰ ਵੀ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ 53ਵੀਂ ਪਾਰਲੀਮੈਂਟ ਚੋਣ ਪਿੱਛੋਂ ਲੇਬਰ ਪਾਰਟੀ ਵੱਲੋਂ ਆਪਣੇ ਬਲਬੂਤੇ ਬਣਾਈ ਜਾ ਰਹੀ ਸਰਕਾਰ ਦੇ 20 ਕੈਬਨਿਟ ਮੰਤਰੀਆਂ ‘ਚ ਅੱਠ ਔਰਤਾਂ ਹਨ ਜਿਨ੍ਹਾਂ ‘ਚ ਕੇਰਲ ਮੂਲ ਅਤੇ ਚੇਨਈ ‘ਚ ਜਨਮੀ 41 ਸਾਲਾ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੂੰ ਐਥਨਿਕ ਕਮਿਊਨਿਟੀਜ਼ ਨਾਲ ਸਬੰਧਤ ਮੰਤਰਾਲਾ ਦਿੱਤਾ ਗਿਆ ਹੈ ਜੋ ਭਾਵੇਂ ਆਕਲੈਂਡ ਦੇ ਮਾਓਂਗਾਕੀਕੀ ਹਲਕੇ ਤੋਂ ਸਿੱਧੀ ਚੋਣ ਦੌਰਾਨ 500 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ ਪਰ ਪਾਰਟੀ ਦੀ ਸੂਚੀ ਰਾਹੀਂ ਪਾਰਲੀਮੈਂਟ ‘ਚ ਪੁੱਜ ਗਏ ਸਨ।। ਪਿਛਲੀ ਪਾਰਲੀਮੈਂਟ ‘ਚ ਵੀ ਲਿਸਟ ਐੱਮਪੀ ਵਜੋਂ ਚੁਣੇ ਗਏ ਸਨ ਅਤੇ ਐਥਨਿਕ ਮਾਮਲਿਆਂ ਦੇ ਪ੍ਰਾਈਵੇਟ ਸੈਕਟਰੀ ਵੀ ਰਹਿ ਚੁੱਕੇ ਹਨ। ਪ੍ਰਿਅੰਕਾ ਛੋਟੀ ਉਮਰ ‘ਚ ਆਪਣੇ ਮਾਂ-ਬਾਪ ਨਾਲ ਸਿੰਗਾਪੁਰ ਚਲੀ ਗਈ ਸੀ ਅਤੇ ਬਾਅਦ ‘ਚ ਅਗਲੀ ਪੜ੍ਹਾਈ ਲਈ ਨਿਊਜ਼ੀਲੈਂਡ ਆਈ ਸੀ।। ਹਿੰਦੀ, ਤਾਮਿਲ ਅਤੇ ਮਲਿਆਲਮ ਭਾਸ਼ਾ ‘ਤੇ ਪਕੜ ਰੱਖਣ ਵਾਲੀ ਪ੍ਰਿਅੰਕਾ ਨੇ ਰਾਜਧਾਨੀ ਵਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਤੋਂ ਡਿਵੈੱਲਪਮੈਂਟ ਸਟੱਡੀਜ਼ ‘ਚ ਮਾਸਟਰ ਡਿਗਰੀ ਕੀਤੀ ਹੋਈ ਹੈ ਅਤੇ ਯੂਨਾਈਟਿਡ ਨੇਸ਼ਨਜ਼ ਸਮੇਤ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਨਾਲ ਜੁੜੇ ਹਨ।ਨਵੀਂ ਕੈਬਨਿਟ ‘ਚ ਵਿਸ਼ੇਸ਼ ਗੱਲ ਇਹ ਵੀ ਹੈ ਪਹਿਲੀ ਵਾਰ ਦੇਸ਼ ਦਾ ਅਹਿਮ ਵਿਦੇਸ਼ ਮੰਤਰਾਲਾ ਪਹਿਲੀ ਵਾਰ ਔਰਤ ਪਾਰਲੀਮੈਂਟ ਮੈਂਬਰ ਨਾਨਾਈਆ ਮਾਟੁਆ ਦੇ ਹਿੱਸੇ ਆਇਆ ਹੈ, ਹਾਲਾਂਕਿ ਪਿਛਲੀ ਸਰਕਾਰ ਦੌਰਾਨ ਇਹ ਮੰਤਰਾਲਾ ਲੇਬਰ ਦੀ ਭਾਈਵਾਲ ਨਿਊਜ਼ੀਲੈਂਡ ਫਸਟ ਦੇ ਆਗੂ ਵਿੰਸਟਨ ਪੀਟਰਜ਼ ਕੋਲ ਸੀ। ਇਸ ਤੋਂ ਇਲਾਵਾ ਕੋਵਿਡ-19 ਨਾਲ ਨਜਿੱਠਣ ਲਈ ਨਵਾਂ ਮੰਤਰਾਲਾ ਹੋਂਦ ‘ਚ ਲਿਆਂਦਾ ਗਿਆ ਹੈ, ਜਿਸ ਦੇ ਇੰਚਾਰਜ ਕ੍ਰਿਸ ਹੈਪਕਿੰਨਜ਼ ਹੋਣਗੇ। ਮੈਡੀਕਲ ਮਾਹਿਰ ਵਜੋਂ ਕੋਵਿਡ-19 ਦੇ ਲਾਕਡਾਊਨ ਦੌਰਾਨ ਬਹੁਤ ਹੀ ਅਹਿਮ ਭੂਮਿਕਾ ਨਿਭਾਉਣ ਵਾਲੀ ਅਤੇ ਪਹਿਲੀ ਵਾਰ ਲਿਸਟ ਐੱਮਪੀ ਬਣਨ ਵਾਲੀ ਡਾ. ਆਇਸ਼ਾ ਜੈਨੀਫਰ ਨੂੰ ਅਹਿਮ ਮਹਿਕਮਾ ਦਿੱਤਾ ਗਿਆ ਹੈ,। ਹਾਲਾਂਕਿ ਪਿਛਲੀ ਸਰਕਾਰ ‘ਚ ਹਾਊਸਿੰਗ ਮਨਿਸਟਰ ਵਜੋਂ ਤਸੱਲੀਬਖਸ਼ ਕਾਰਗੁਜ਼ਾਰੀ ਨਾ ਵਿਖਾਉਣ ਵਾਲੇ ਫਿਲਟੁਆ ਫੋਰਡ ਦਾ ਦਰਜਾ ਪਹਿਲਾਂ ਨਾਲੋਂ ਘਟਾ ਦਿੱਤਾ ਗਿਆ ਹੈ।। ਹੈਰਾਨੀਜਨਕ ਗੱਲ ਇਹ ਹੈ ਕਿ ਪੈਨਮਿਓਰ-ਓਟਾਹੂਹੂ ਹਲਕੇ ਤੋਂ ਭਾਰਤਵੰਸ਼ੀ ਕੰਵਲਜੀਤ ਸਿੰਘ ਬਖਸ਼ੀ ਨੂੰ ਹਰਾਉਣ ਵਾਲੀ ਟੌਂਗਾ ਮੂਲ ਦੀ ਜੈਨੀ ਸੈਲੇਸਾ ਨੂੰ ਐਤਕੀਂ ਕੋਈ ਵੀ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ ਜੋ ਪਿਛਲੀ ਸਰਕਾਰ ‘ਚ ਐਥਨਿਕ ਕਮਿਊਨਿਟੀ ਮਾਮਲਿਆਂ ਦੇ ਇੰਚਾਰਜ ਸਨ।। ਲੇਬਰ ਪਾਰਟੀ ਦੇ ਡਿਪਟੀ ਲੀਡਰ ਕੈਲਵਿਨ ਡੇਵਿਸ ਨੇ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਪਾਰਟੀ ਪ੍ਰਤੀ ਸਮਰਪਿਤ ਰਹਿਣ ਦਾ ਦਾਅਵਾ ਕੀਤਾ ਹੈ।।