ਇੱਥੋਂ ਦੇ ਦੋ ਪੰਜਾਬੀ ਭਰਾਵਾਂ ਨੇ ਨਿਊਜ਼ੀਲੈਂਡ ਦੇ ਡੇਅਰੀ ਫਾਰਮਿੰਗ ’ਚ ਵਧੀਆ ਉੱਦਮ ਕਰਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕੌਮੀ ਪੱਧਰ ਦਾ ਐਵਾਰਾਡ ਤੇ 50 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਪੁਰਸਕਾਰ ਨਿਊਜ਼ੀਲੈਂਡ ਦੇ ਖੇਤੀਬਾੜੀ ਮੰਤਰੀ ਡੈਨੀਅਨ ਓ’ਕੌਰਨਰ ਦੀ ਮੌਜੂਦਗੀ ’ਚ ਦਿੱਤਾ ਗਿਆ। ਮੁਕਾਬਲੇ ’ਚ 250 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ। ਪਹਿਲੀ ਵਾਰ ਹੈ, ਜਦੋਂ ਇਹ ਐਵਾਰਡ ਦੋ ਸਕੇ ਭਰਾਵਾਂ ਨੂੰ ਦਿੱਤਾ ਗਿਆ ਹੈ। ਪਾਲਮਰਟਸਨ ਨੌਰਥ ਨੇੜੇ ਛੋਟੇ ਜਿਹੇ ਟਾਊਨ ਪਾਈਆ ਟੂਆ ’ਚ ਵਸਦੇ ਮਨੋਜ ਕੰਬੋਜ ਤੇ ਸੁਮੀਤ ਕੰਬੋਜ 760 ਗਾਵਾਂ ਦਾ ਸ਼ੇਅਰਡ ਡੇਅਰੀ ਫਾਰਮਿੰਗ ਸੰਭਾਲਦੇ ਹਨ।
ਮਨੋਜ ਨੇ ਦੱਸਿਆ ਕਿ ਉਹ ਸਾਲ 2010 ’ਚ ਆਕਲੈਂਡ ਵਿਖੇ ਹਾਰਟੀਕਲਚਰ ਦੀ ਪੜ੍ਹਾਈ ਕਰਨ ਆਇਆ ਸੀ। ਟੌਰੰਗਾ ਵਿਖੇ ਉਸਨੇ ਫਾਰਮ ਵਰਕਰ ਵਜੋਂ ਡੇਅਰੀ ਫਾਰਮ ’ਤੇ ਕੰਮ ਸ਼ੁਰੂ ਕੀਤਾ ਸੀ। ਇਸ ਪਿੱਛੋਂ ਤਰੱਕੀ ਕਰਕੇ ਮੈਨੇਜਰ ਬਣ ਗਿਆ ਹੈ। ਇਸ ਪਿੱਛੋਂ ਹੁਣ ਉਹ ਸਾਢੇ 700 ਤੋਂ ਵੱਧ ਗਾਵਾਂ ਦੀ ਸਾਂਭ-ਸੰਭਾਲ ਕਰਦਾ ਹੈ।
ਮਨੋਜ ਨੇ ਇਹ ਵੀ ਦੱਸਿਆ ਕਿ ਉਸਦੇ ਦਾਦਾ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਨਾਲ ਸਬੰਧਤ ਹਨ, ਜੋ ਕਈ ਸਾਲ ਪਹਿਲਾਂ ਉਤਰਾਖੰਡ ਦੇ ਬਾਜ਼ੁਪਰ ਜਾ ਕੇ ਸੈਟਲ ਹੋ ਗਏ ਸਨ। ਉਨ੍ਹਾਂ ਦੱਸਿਆ ਹੈ ਕਿ ਪੰਤ ਨਗਰ ਤੋਂ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਕਰਨ ਪਿੱਛੋਂ ਨਿਊਜ਼ੀਲੈਂਡ ਆਇਆ ਸੀ। ਕੰਮ ਦੌਰਾਨ ਕੋਈ ਬਹੁਤੀ ਮੁਸ਼ਕਲ ਪੇਸ਼ ਨਹੀਂ ਆਈ ਕਿਉਂਕਿ ਉਹ ਬਾਜ਼ਪੁਰ ’ਚ ਆਪਣੇ ਜੱਦੀ ਪਰਿਵਾਰ ਨਾਲ ਵੀ ਖੇਤੀਬਾੜੀ ’ਚ ਹੱਥ ਵਟਾਉਂਦਾ ਰਿਹਾ ਸੀ। ਮਨੋਜ ਨੇ ਦੱਸਿਆ ਕਿ ਉਸਦੇ ਪਿਤਾ ਗਿਆਨ ਚੰਦ ਕੰਬੋਜ ਅਤੇ ਮਾਤਾ ਕੌਸ਼ੱਲਿਆ ਤੋਂ ਇਲਾਵਾ ਇੱਕ ਛੋਟਾ ਭਰਾ ਉਤਰਾਖੰਡ ਰਹਿੰਦਾ ਹੈ।
ਮਨੋਜ ਨੇ ਨਵੇਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿਹਾ ਕਿ ਨਿਊਜ਼ੀਲੈਂਡ ’ਚ ਤਰੱਕੀ ਦੇ ਬਹੁਤ ਵੱਡੇ ਮੌਕੇ ਹਨ। ਜਿਨ੍ਹਾਂ ਰਾਹੀਂ ਵੱਡੀਆਂ ਮੰਜ਼ਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਸ਼ੁਰੂ ’ਚ ਕੁੱਝ ਮੁਸ਼ਕਲਾਂ ਜ਼ਰੂਰ ਹੁੰਦੀਆਂ ਹਨ ਪਰ ਮਿਹਨਤ ਦੀਆਂ ਪੌੜੀਆਂ ਰਾਹੀਂ ਮੰਜ਼ਲ ’ਤੇ ਪੁੱਜ ਕੇ ਸਭ ਦੁੱਖ ਭੁੱਲ ਜਾਂਦੇ ਹਨ।