ਨਿਊਜ਼ੀਲੈਂਡ ਹਮੇਸ਼ਾ ਔਰਤਾਂ ਦੇ ਹੱਕਾਂ ਦਾ ਅਲੰਬਰਦਾਰ ਰਿਹਾ ਹੈ, ਜੋ ਹੁਣ ਫਿਰ ਇਸ ਕਰਕੇ ਚਰਚਾ ਆਇਆ ਹੈ ਕਿ ਇੱਥੋਂ ਦੀ ਜੰਮਪਲ ਪੱਤਰਕਾਰ ਸ਼ੈਰਲਟ ਬੇਲਿਸ ਨੇ ਔਰਤਾਂ ਦੀ ਅਜ਼ਾਦੀ ਦੀ ਗੱਲ ਕੀਤੀ ਹੈ। ਤਾਲਿਬਾਨ ਦੇ ਕਬਜ਼ੇ ਹੇਠ ਜਦੋਂ ਉੱਥੇ ਔਰਤਾਂ ਡਰ ਦੇ ਸਾਏ ਹੇਠ ਜੀਅ ਰਹੀਆਂ ਹਨ ਤਾਂ ਉਸੇ ਵੇਲੇ ਕਾਬੁਲ ’ਚ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਸਪੋਕਸਪਰਸਨ ਜ਼ਬੀਉਲਾ ਮਜਾਹਿਦ ਨੂੰ ਔਰਤਾਂ ਦੇ ਕੰਮ ਅਤੇ ਬੱਚੀਆਂ ਦੀ ਪਡ਼੍ਹਾਈ ਬਾਰੇ ਸਵਾਲ ਕਰਨ ਵਾਲੀ ਪੱਤਰਕਾਰ ਸ਼ੈਰਲਟ ਬੈਲਿਸ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ ਜੰਮਪਲ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਕਤਰ ਦੇ ਨਾਮਵਰ ਚੈਨਲ ਅਲ ਜਜ਼ੀਰਾ ਲਈ ਕਾਬੁਲ ਤੋਂ ਕੰਮ ਕਰ ਰਹੀ ਹੈ।
ਸ਼ੈਰਲਟ ਨੇ ਸਵਾਲ ਕੀਤਾ ਸੀ ਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਖਦਸ਼ੇ ਹਨ ਕਿ ਕੀ ਔਰਤਾਂ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਬੱਚੀਆਂ ਸਕੂਲ ਜਾ ਸਕਣਗੀਆਂ? ਕੀ ਤੁਸੀਂ ਇਸ ਗੱਲ ਦਾ ਭਰੋਸਾ ਦੇ ਸਕਦੇ ਹੋ ਕਿ ਔਰਤਾਂ ਦੇ ਅਧਿਕਾਰ ਸੁਰੱਖਿਅਤ ਰੱਖੇ ਜਾਣਗੇ? ਇਸ ਦੇ ਜਵਾਬ ’ਚ ਤਾਲਿਬਾਨ ਨੇ ਦੱਸਿਆ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਤਹਿਤ ਅਜ਼ਾਦੀ ਹੋਵੇਗੀ।
ਸ਼ੈਰਲਟ ਨੇ ਬਜ਼ਾਰ ’ਚ ਵੀ ਇਕ ਤਾਲਿਬਾਨ ਨੂੰ ਪੁੱਛਿਆ ਸੀ ਕਿ ਕੀ ਔਰਤ ਹੋਣ ਦੇ ਨਾਤੇ ਉਸਨੂੰ ਤਾਲਿਬਾਨ ਤੋਂ ਡਰਨਾ ਚਾਹੀਦਾ ਹੈ? ਉਸ ਵੱਲੋਂ ਪੁੱਛੇ ਗਏ ਦਲੇਰੀ ਭਰੇ ਭਰੇ ਸਵਾਲ ਦੀ ਜਿੱਥੇ ਉਸਦੇ ਸਾਥੀਆਂ ਨੇ ਪ੍ਰਸੰਸਾ ਕੀਤੀ ਸੀ, ਉੱਥੇ ਸ਼ੋਸ਼ਲ ਮੀਡੀਆ ’ਤੇ ਕਾਫੀ ਸਲਾਹਿਆ ਗਿਆ ਸੀ।
35 ਕੁ ਸਾਲ ਦੀ ਸ਼ੈਰਲਟ ਵਿਦੇਸ਼ੀ ਮੂਲ ਦੀ ਇੱਕੋ-ਇਕ ਔਰਤ ਪੱਤਰਕਾਰ ਉਸ ਪ੍ਰੈੱਸ ਕਾਨਫਰੰਸ ’ਚ ਸੀ ਹਾਲਾਂਕਿ ਅਫ਼ਗਾਨਿਸਤਾਨ ਨਾਲ ਸਬੰਧਤ ਦੋ ਹੋਰ ਔਰਤ ਪੱਤਰਕਾਰ ਵੀ ਹਾਜ਼ਰ ਸਨ। ਸ਼ੈਰਲਟ ਨੇ ਸਾਲ 2009 ’ਚ ਅਮਰੀਕਾ ਦੀ ਯੂਨੀਵਰਸਿਟੀ ਆਫ ਮਿਜ਼ਉਰੀ ਤੋਂ ਜਰਨਲਿਜ਼ਮ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ।