mukesh petition reject sc : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੇ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਰਾਸ਼ਟਰਪਤੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਆਰ. ਭਾਨੂਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ.ਕੇ. ਐੱਸ. ਬੋਪੰਨਾ ਦੇ ਬੈਂਚ ਨੇ ਕਿਹਾ ਕਿ ਰਾਸ਼ਟਰਪਤੀ ਦੁਆਰਾ ਰਹਿਮ ਪਟੀਸ਼ਨ ਦਾ ਛੇਤੀ ਨਿਪਟਾਰਾ ਕਰਨ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਸਹੀ ਫੈਸਲਾ ਨਹੀਂ ਲਿਆ ਹੈ। ਬੈਂਚ ਨੇ ਕਿਹਾ ਕਿ ਨਿਰਭਿਆ ਮਾਮਲੇ ਵਿੱਚ ਹੇਠਲੀ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਬੰਧਿਤ ਸਾਰੇ ਰਿਕਾਰਡ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਪੇਸ਼ ਕੀਤੇ ਸਨ।
ਮੁਕੇਸ਼ ਕੁਮਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਰਾਸ਼ਟਰਪਤੀ ਨੂੰ ਕੇਸ ਨਾਲ ਸਬੰਧਿਤ ਸਾਰੇ ਦਸਤਾਵੇਜ ਨਹੀਂ ਪੇਸ਼ ਕੀਤੇ ਗਏ ਜਿਸ ਕਾਰਨ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਨੂੰ ਖਾਰਜ ਕਰਨ ਦਾ ਫੈਸਲਾ ਲਿਆ ਹੈ। ਮੁਕੇਸ਼ ਦੀ ਤਰਫੋਂ, ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੇ ਵੀ ਦਾਅਵਾ ਕੀਤਾ ਕਿ ਉਸਦੀ ਰਹਿਮ ਦੀ ਅਪੀਲ ‘ਤੇ ਵਿਚਾਰ ਕਰਨ ਵੇਲੇ ਸਾਰੇ ਤੱਥ ਰਾਸ਼ਟਰਪਤੀ ਦੇ ਸਾਹਮਣੇ ਨਹੀਂ ਰੱਖੇ ਗਏ ਸਨ। ਇਹ ਵੀ ਕਿਹਾ ਗਿਆ ਸੀ ਕਿ ਜੇਲ੍ਹ ਵਿੱਚ ਰਹਿੰਦੇ ਸਮੇਂ, ਮੁਕੇਸ਼ ‘ਤੇ ਯੌਨ ਸ਼ੋਸ਼ਣ ਕੀਤਾ ਗਿਆ, ਜਿਸ ਕਾਰਨ ਉਸਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਉਸ ਦੇ ਸਾਰੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੁਆਰਾ ਮੁਕੇਸ਼ ਕੁਮਾਰ ਸਿੰਘ ਦੀ ਰਹਿਮ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਹੀ ਅਦਾਲਤ ਨੇ ਚਾਰਾਂ ਮੁਲਜ਼ਮਾਂ- ਮੁਕੇਸ਼, ਪਵਨ ਗੁਪਤਾ, ਵਿਨੈ ਕੁਮਾਰ ਸ਼ਰਮਾ ਅਤੇ ਅਕਸ਼ੇ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੇ ਅਨੁਸਾਰ 1 ਫਰਵਰੀ ਨੂੰ ਸਵੇਰੇ ਛੇ ਵਜੇ ਫਾਂਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਲਈ ਵਾਰੰਟ ਜਾਰੀ ਕੀਤੇ ਸਨ। ਤੁਹਾਨੂੰ ਦੱਸ ਦੇਈਏ ਕਿ 16-17 ਦਸੰਬਰ, 2012 ਦੀ ਰਾਤ ਨੂੰ, ਦੱਖਣੀ ਦਿੱਲੀ ਵਿੱਚ ਚਲਦੀ ਬੱਸ ਵਿੱਚ ਇੱਕ 23 ਸਾਲਾਂ ਨਿਰਭਿਆ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ ਅਤੇ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ ਸੀ। ਨਿਰਭਿਆ ਦੀ ਬਾਅਦ ਵਿੱਚ 29 ਦਸੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ।