ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਵੱਡੀ ਖਬਰ ਆਈ ਹੈ। ਭਾਰਤ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕੈਨੇਡਾ ਨੂੰ ਆਪਣੇ 41 ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤਕ 41 ਡਿਪਲੋਮੈਟਸ ਵਾਪਸ ਬੁਲਾਉਣ ਲਈ ਕਿਹਾ ਹੈ।
ਪਿਛਲੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਬਿਆਨ ਦੇ ਕੇ ਭਾਰਤ ਸਰਕਾਰ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਬੇਤੁਕਾ ਤੇ ਪ੍ਰੇਰਿਤ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਭਾਰਤ ‘ਚ ਕੈਨੇਡਾ ਦੇ 62 ਡਿਪਲੋਮੈਟ
ਫਾਈਨੈਂਸ਼ੀਅਲ ਟਾਈਮਜ਼ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਭਾਰਤ ਨੇ ਕੈਨੇਡੀਅਨ ਡਿਪਲੋਮੈਟਸ ਦੀ ਡਿਪਲੋਮੈਟਿਕ ਛੋਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ ਜਿਨ੍ਹਾਂ ਨੂੰ 10 ਅਕਤੂਬਰ ਤੋਂ ਬਾਅਦ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਕੈਨੇਡਾ ਦੇ 62 ਡਿਪਲੋਮੈਟ ਮੌਜੂਦ ਹਨ। ਭਾਰਤ ਨੇ ਕਿਹਾ ਹੈ ਕਿ ਕੈਨੇਡੀਅਨ ਡਿਪਲੋਮੈਟਸ ਦੀ ਕੁੱਲ ਗਿਣਤੀ ਘਟਾ ਕੇ 41 ਕਰ ਦਿੱਤੀ ਜਾਵੇ।
ਕੈਨੇਡਾ ਨੇ ਨਵੀਂ ਦਿੱਲੀ ਨੂੰ ਨਿਰਾਸ਼ ਕੀਤਾ : ਜੈਸ਼ੰਕਰ
ਹਾਲਾਂਕਿ ਭਾਰਤ ਅਤੇ ਕੈਨੇਡਾ ਦੇ ਵਿਦੇਸ਼ ਮੰਤਰਾਲਿਆਂ ਨੇ ਇਸ ਮਾਮਲੇ ‘ਤੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਨੇ ਸਭ ਤੋਂ ਪਹਿਲਾਂ ਭਾਰਤੀ ਡਿਪਲੋਮੈਟਸ ਖਿਲਾਫ਼ ਹਿੰਸਾ ਤੇ ਧਮਕੀ ਦਾ ਮਾਹੌਲ ਬਣਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਨੇ ਨਵੀਂ ਦਿੱਲੀ ਨੂੰ ਨਿਰਾਸ਼ ਕੀਤਾ ਹੈ।