ਵਾਸ਼ਿੰਗਟਨ (ਪੀਟੀਆਈ) : ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਆਫਿਸ (ਓਐੱਮਬੀ) ਵਿਚ ਡਾਇਰੈਕਟਰ ਨਾਮਜ਼ਦ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਨੀਰਾ ਟੰਡਨ ‘ਤੇ ਰਿਪਬਲਿਕਨ ਪਾਰਟੀ ਦੇ ਕਈ ਮੈਂਬਰਾਂ ਦੇ ਬਾਰੇ ਵਿਚ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਓਐੱਮਬੀ ਦਾ ਕੰਮ ਬਜਟ, ਪ੍ਰਬੰਧਨ ਅਤੇ ਰੈਗੂਲੇਟਰੀ ਉਦੇਸ਼ਾਂ ਦੀ ਪੂੁਰਤੀ ਲਈ ਰਾਸ਼ਟਰਪਤੀ ਨੂੰ ਸਹਾਇਤਾ ਪਹੁੰਚਾਉਣਾ ਹੈ।
ਸੈਨੇਟ ਵੱਲੋਂ ਜੇਕਰ ਨੀਰਾ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਤਾਂ ਉਹ ਇਸ ਅਹੁਦੇ ‘ਤੇਪੁੱਜਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਅੌਰਤ ਹੋਵੇਗੀ। ਸੈਨੇਟ ਵਿਚ ਇੰਡੀਆ ਕਾਕਸ ਦੇ ਕੋ-ਚੇਅਰਮੈਨ ਜੋਹਨ ਕਾਰਨਿਨ ਨੇ ਕਿਹਾ ਕਿ ਜੋਅ ਬਾਇਡਨ ਨੇ ਹੁਣ ਤਕ ਸਰਕਾਰ ਵਿਚ ਜਿਨ੍ਹਾਂ ਵੀ ਲੋਕਾਂ ਦੀ ਨਿਯੁਕਤੀ ਕੀਤੀ ਹੈ, ਉਨ੍ਹਾਂ ਵਿਚ ਨੀਰਾ ਦੀ ਚੋਣ ਸਭ ਤੋਂ ਖ਼ਰਾਬ ਹੈ। ਇਸ ਤੋਂ ਪਹਿਲੇ ਉਨ੍ਹਾਂ ਨੇ ਸੈਨੇਟ ਮੈਂਬਰਾਂ ਦੇ ਬਾਰੇ ਵਿਚ ਜਿਸ ਤਰ੍ਹਾਂ ਦੇ ਟਵੀਟ ਕੀਤੇ ਹਨ ਉਸ ਨਾਲ ਉਨ੍ਹਾਂ ਦੀ ਨਾਮਜ਼ਦਗੀ ਵਿਚ ਦਿੱਕਤ ਹੋ ਸਕਦੀ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕਾਰਨਿਨ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਨੀਰਾ ਨੇ ਰਿਪਬਲਿਕਨ ਦੇ ਬਾਰੇ ਵਿਚ ਕੀਤੇ ਗਏ ਕਈ ਟਵੀਟ ਡਿਲੀਟ ਕੀਤੇ ਹਨ। ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਲੋਕ ਇਨ੍ਹਾਂ ਨੂੰ ਦੇਖ ਨਹੀਂ ਸਕਣਗੇ। ਕਾਰਨਿਨ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਨ੍ਹਾਂ (ਬਾਇਡਨ) ਨੇ ਨੀਰਾ ਟੰਡਨ ਦਾ ਨਾਂ ਤੈਅ ਕਰਦੇ ਸਮੇਂ ਕਿਸੇ ਵੀ ਰਿਪਬਲਿਕਨ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਨੀਰਾ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਜ਼ਰੂਰੀ ਹੈ। 100 ਮੈਂਬਰੀ ਅਮਰੀਕੀ ਸੈਨੇਟ ਵਿਚ ਰਿਪਬਲਿਕਨਪਾਰਟੀ ਦੇ 50 ਮੈਂਬਰ ਹਨ ਜਦਕਿ ਡੈਮੋਕ੍ਰੇਟਿਕ ਪਾਰਟੀ ਦੇ 48 ਮੈਂਬਰ ਹਨ। ਜਾਰਜੀਆ ਦੀਆਂ ਦੋ ਸੈਨੇਟ ਸੀਟਾਂ ਲਈ ਪੰਜ ਜਨਵਰੀ ਨੂੰ ਚੋਣ ਹੋਣੀ ਹੈ। ਨੀਰਾ ਟੰਡਨ ਰਿਪਬਲਿਕਨ ਪਾਰਟੀ ਦੀ ਜਿਸ ਤਰ੍ਹਾਂ ਆਲੋਚਕ ਹੈ, ਉਸ ਨੂੰ ਅਜਿਹਾ ਸਮਿਝਆ ਜਾ ਸਕਦਾ ਹੈ ਕਿ ਇਕ ਟਵੀਟ ਵਿਚ ਉਨ੍ਹਾਂ ਨੇ ਸੈਨੇਟ ਵਿਚ ਬਹੁਮਤ ਪਾਰਟੀ ਦੇ ਨੇਤਾ ਮਿਕ ਮੈਕਕੋਨੇਲ ਨੂੰ ‘ਮਾਸਕੋ ਮਿਕ’ ਕਿਹਾ ਸੀ।