ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਇੱਕ ਚੀਨੀ ਫਰਮ ਵੱਲੋਂ ਨੀਲਮ-ਜੇਹਲਮ ਨਦੀ ‘ਤੇ ਡੈਮ ਬਣਾਉਣ ਨੂੰ ਲੈ ਕੇ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਮੁਜ਼ੱਫਰਾਬਾਦ ਕਸਬੇ ਵਿੱਚ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉੱਤਰ ਆਏ ਤੇ ਨਦੀ ‘ਤੇ ਡੈਮ ਬਣਾਉਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਲੱਗੇ।
ਦੱਸ ਦਈਏ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਮਸ਼ਾਲਾਂ ਸੀ ਤੇ ਉਹ ‘ਦਰਿਆ ਬਚਾਓ, ਮੁਜ਼ੱਫਰਾਬਾਦ ਬਚਾਓ’ ਤੇ ‘ਨੀਲਮ-ਜੇਹਲਮ ਵਗਣ ਦਿਓ, ਸਾਨੂੰ ਜ਼ਿੰਦਾ ਰਹਿਣ ਦਿਓ’ ਦੇ ਨਾਅਰੇ ਲਾ ਰਹੇ ਸੀ। ਇਸ ਰੈਲੀ ‘ਚ ਸ਼ਹਿਰ ਤੇ ਪੀਓਕੇ ਦੇ ਹੋਰ ਖੇਤਰਾਂ ਤੋਂ ਆਏ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ।
ਹਾਲ ਹੀ ਵਿੱਚ, ਪਾਕਿਸਤਾਨ ਤੇ ਚੀਨ ਨੇ ਪੀਓਕੇ ਵਿੱਚ ਆਜ਼ਾਦ ਪੱਤਣ ਤੇ ਕੋਹਾਲਾ ਪਣ ਬਿਜਲੀ ਪ੍ਰੋਜੈਕਟਾਂ ਦੇ ਨਿਰਮਾਣ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। 700.7 ਮੈਗਾਵਾਟ ਬਿਜਲੀ ਦੇ ਆਜ਼ਾਦ ਪੱਤਣ ਹਾਈਡਲ ਪਾਵਰ ਪ੍ਰੋਜੈਕਟ ‘ਤੇ 6 ਜੁਲਾਈ, 2020 ਨੂੰ ਚੀਨ-ਪਾਕਿ ਆਰਥਿਕ ਗਲਿਆਰਾ (ਸੀਪੀਈਸੀ) ਦੇ ਹਿੱਸੇ ਵਜੋਂ ਦਸਤਖ਼ਤ ਕੀਤੇ। 1.54 ਬਿਲੀਅਨ ਡਾਲਰ ਦੇ ਪ੍ਰੋਜੈਕਟਾਂ ਨੂੰ ਚਾਈਨਾ ਜੀਜੂਬਾ ਸਮੂਹ ਕੰਪਨੀ (ਸੀਜੀਜੀਸੀ) ਸਪਾਂਸਰ ਕਰੇਗੀ।
ਜੇਹਲਮ ਨਦੀ ‘ਤੇ ਬਣਾਇਆ ਜਾਣ ਵਾਲਾ ਕੋਹਾਲਾ ਪਣ-ਬਿਜਲੀ ਪ੍ਰੋਜੈਕਟ ਪੀਓਕੇ ਦੇ ਸੁਧਨੋਟੀ ਜ਼ਿਲ੍ਹੇ ਦੇ ਆਜ਼ਾਦ ਪੱਟਨ ਬ੍ਰਿਜ ਤੋਂ 7 ਕਿਲੋਮੀਟਰ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 90 ਕਿਲੋਮੀਟਰ ਦੀ ਦੂਰੀ ਹੈ।