sandeep lamichhane stars: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਵਿੱਚ ਆਪਣੀ ਗੇਂਦਬਾਜ਼ੀ ਲਈ ਪ੍ਰਸ਼ੰਸਾ ਜਿੱਤਣ ਵਾਲੇ ਨੇਪਾਲ ਦੇ ਸਪਿਨਰ ਗੇਂਦਬਾਜ਼ ਸੰਦੀਪ ਲਾਮਿਚਨੇ ਨੇ ਆਪਣੇ ਦੇਸ਼ ਲਈ ਸਰਬੋਤਮ ਗੇਂਦਬਾਜ਼ੀ ਕੀਤੀ ਹੈ। ਆਈ.ਸੀ.ਸੀ ਵਰਲਡ ਕੱਪ ਲੀਗ 2 ਵਿੱਚ ਸੰਦੀਪ ਨੇ ਛੇ ਓਵਰਾਂ ਵਿੱਚ ਸਿਰਫ 16 ਦੌੜਾਂ ਦੇ ਕੇ ਛੇ ਵਿਕਟਾਂ ਹਾਸਿਲ ਕੀਤੀਆਂ ਸਨ। ਸੰਦੀਪ ਦੀ ਗੇਂਦਬਾਜ਼ੀ ਦੇ ਬਦੌਲਤ ਨੇਪਾਲ ਨੇ ਅਮਰੀਕਾ ਨੂੰ ਵਨਡੇ ਮੈਚ ਵਿੱਚ 35 ਦੌੜਾਂ ‘ਤੇ ਹੀ ਢੇਰ ਕਰ ਦਿੱਤਾ ਅਤੇ ਬਾਅਦ ਵਿੱਚ ਅੱਠ ਵਿਕਟਾਂ ਦੇ ਵੱਡੇ ਫਰਕ ਨਾਲ ਮੈਚ ਜਿੱਤ ਲਿਆ। ਇਸ ਮੈਚ ਵਿੱਚ ਅਮਰੀਕਾ ਟੀਮ ਦੀ ਪਾਰੀ 12 ਓਵਰਾਂ ਵਿੱਚ ਹੀ ਖਤਮ ਹੋ ਗਈ ਸੀ।
50 ਓਵਰਾਂ ਦੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ ਇਹ ਦੂਜਾ ਮੌਕਾ ਹੈ ਜਦੋਂ ਕੋਈ ਟੀਮ 35 ਦੌੜਾਂ ਦੇ ਛੋਟੇ ਸਕੋਰ ‘ਤੇ ਆਊਟ ਹੋਈ ਹੈ। ਇਸ ਤੋਂ ਪਹਿਲਾਂ ਸਾਲ 2004 ਵਿੱਚ ਸ੍ਰੀਲੰਕਾ ਦੀ ਟੀਮ ਵੀ ਜ਼ਿੰਬਾਬਵੇ ਨੂੰ 35 ਦੌੜਾਂ ਦੇ ਸਕੋਰ ‘ਤੇ ਆਊਟ ਕਰ ਚੁੱਕੀ ਹੈ। ਲਾਮਿਚਨੇ ਇੱਕ ਮੈਚ ਵਿੱਚ ਛੇ ਵਿਕਟਾਂ ਲੈਣ ਵਾਲਾ ਵਿਸ਼ਵ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਨੇਪਾਲ ਨੇ 5.2 ਓਵਰਾਂ ਵਿੱਚ ਸਿਰਫ ਦੋ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
ਟੀਮ ਲਈ ਪਾਰਸ ਖੜਕਾ ਨੇ ਅਜੇਤੂ 20 ਅਤੇ ਡੀ.ਐਸ.ਐਰੀ ਨੇ ਅਜੇਤੂ 14 ਦੌੜਾਂ ਬਣਾਈਆਂ। ਆਈ.ਸੀ.ਸੀ ਨੇ ਇੱਕ ਟਵੀਟ ਵਿੱਚ ਲਾਮਿਚਨੇ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਕ੍ਰਿਕਟ ਪ੍ਰਸੰਸਕਾਂ ਦੀ ਇੱਕ ਮਿਸ਼ਰਤ ਪ੍ਰਤੀਕ੍ਰਿਆ ਸਾਹਮਣੇ ਆਈ ਹੈ।
ਇਸ ਦੇ ਜਵਾਬ ਵਿੱਚ ਇਕ ਪ੍ਰਸ਼ੰਸਕ ਨੇ ਲਿਖਿਆ “ਕੋਈ ਨਹੀਂ ਚਾਹੁੰਦਾ ਕਿ ਇੱਕ ਵੱਡੇ ਟੂਰਨਾਮੈਂਟ ਵਿੱਚ ਇਕ ਰੋਜ਼ਾ ਮੈਚ ਸਿਰਫ ਦੋ ਘੰਟਿਆਂ ਵਿਚ ਹੀ ਖਤਮ ਹੋ ਜਾਵੇ। ਕਮਜ਼ੋਰ ਟੀਮਾਂ ਨੂੰ ਵਰਲਡ ਕੱਪ ਤੋਂ ਬਾਹਰ ਰੱਖ ਕੇ ਆਈ.ਸੀ.ਸੀ ਨੇ ਚੰਗਾ ਕੰਮ ਕੀਤਾ ਹੈ।” ਉਸੇ ਸਮੇਂ ਇਕ ਪ੍ਰਸ਼ੰਸਕ ਨੇ ਲਿਖਿਆ “ਬਹੁਤ ਘੱਟ ਸਮੇਂ ਵਿੱਚ ਇਸ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਪਛਾਣ ਬਣਾਈ ਹੈ।”