ਪਾਕਿਸਤਾਨੀ ਲੜਕੀ ਇਕਰਾ ਜਿਵਾਨੀ ਨੂੰ ਅਟਾਰੀ-ਬਾਰਡਰ ਰਾਹੀਂ ਪਾਕਿਸਤਾਨ ਭੇਜਿਆ ਗਿਆ। ਇਕਰਾ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ ਸੀ। ਦਰਅਸਲ, ਇਕਰਾ ਭਾਰਤ ‘ਚ ਰਹਿੰਦੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਨੇਪਾਲ ਰਸਤੇ ਭਾਰਤ ਆਈ ਸੀ। ਉਸ ਦਾ ਬੁਆਏਫ੍ਰੈਂਡ ਮੁਲਾਇਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਦੋਵਾਂ ਵਿਚਾਲੇ ਗੱਲਬਾਤ ਆਨਲਾਈਨ ਗੇਮ ਲੂਡੋ ਰਾਹੀਂ ਸ਼ੁਰੂ ਹੋਈ। ਇਸ ਤੋਂ ਬਾਅਦ ਦੋਵੇਂ ਆਨਲਾਈਨ ਪਲੇਟਫਾਰਮ ‘ਤੇ ਗੱਲ ਕਰਨ ਲੱਗੇ, ਫਿਰ ਪਿਆਰ ਦਾ ਇਜ਼ਹਾਰ ਵੀ ਕੀਤਾ ਗਿਆ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਅਜਿਹੇ ‘ਚ 19 ਸਾਲਾ ਇਕਰਾ ਸਤੰਬਰ 2022 ‘ਚ ਪਾਕਿਸਤਾਨ ਤੋਂ ਨੇਪਾਲ ਰਸਤੇ ਭਾਰਤ ਪਹੁੰਚੀ ਸੀ।
ਨੇਪਾਲ ‘ਚ ਮੁਲਾਇਮ ਨੇ ਉਸ ਨੂੰ ਰਿਸੀਵ ਕੀਤਾ ਤੇ ਦੋਵਾਂ ਨੇ ਇੱਥੇ ਵਿਆਹ ਕਰਵਾ ਲਿਆ। ਕੁਝ ਦਿਨ ਨੇਪਾਲ ‘ਚ ਰਹਿਣ ਤੋਂ ਬਾਅਦ ਦੋਵੇਂ ਬੈਂਗਲੁਰੂ ਆ ਗਏ। ਇੱਥੇ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਏ। ਇਕਰਾ ਨੇ ਆਪਣਾ ਨਾਂ ਬਦਲ ਕੇ ਰਵਾ ਯਾਦਵ ਰੱਖ ਲਿਆ। ਦੋਵੇਂ ਹਿੰਦੂ ਧਰਮ ਅਨੁਸਾਰ ਰਹਿੰਦੇ ਸਨ। ਇਕ ਰਾਤ ਰਵਾ ਆਪਣੇ ਘਰ ਨਮਾਜ਼ ਅਦਾ ਕਰ ਰਿਹਾ ਸੀ। ਗੁਆਂਢੀ ਨੇ ਉਸ ਨੂੰ ਅਜਿਹਾ ਕਰਦੇ ਦੇਖਿਆ। ਉਸ ਨੇ ਸ਼ੱਕ ਜਤਾਇਆ ਕਿ ਜੇਕਰ ਇਹ ਰਵਾ ਯਾਦਵ ਹੈ ਤਾਂ ਉਹ ਨਮਾਜ਼ ਕਿਉਂ ਅਦਾ ਕਰ ਰਿਹਾ ਹੈ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੂੰ ਰਵਾ ਦਾ ਪਛਾਣ ਪੱਤਰ ਮਿਲਿਆ, ਜਿਸ ‘ਚ ਉਸ ਦਾ ਨਾਂ ਇਕਰਾ ਤੇ ਪਤਾ ਪਾਕਿਸਤਾਨ ਹੈਦਰਾਬਾਦ ਦਰਜ ਸੀ। ਬੈਂਗਲੁਰੂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਮੁਲਾਇਮ ਨੂੰ ਵੀ ਫੜ ਲਿਆ ਗਿਆ ਤੇ ਮਾਮਲਾ ਦਰਜ ਕੀਤਾ ਗਿਆ। ਇਕਰਾ ਜਿਵਾਨੀ ਨੂੰ ਅੱਜ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਡਿਪੋਰਟ ਕਰ ਦਿੱਤਾ ਗਿਆ ਹੈ।