42.64 F
New York, US
February 4, 2025
PreetNama
ਖੇਡ-ਜਗਤ/Sports News

ਨੈਸ਼ਨਲ ਸਟਾਈਲ ਕਬੱਡੀ ਦਾ ਭੀਸ਼ਮ ਪਿਤਾਮਾ ਜਨਾਰਦਨ ਸਿੰਘ ਗਹਿਲੋਤ

ਨੈਸ਼ਨਲ ਸਟਾਈਲ ਕਬੱਡੀ ਭਾਰਤੀ ਲੋਕਾਂ ਦੀ ਹਰਮਨ ਪਿਆਰੀ ਖੇਡ ਹੈ। ਸਟਾਰ ਸਪੋਰਟਸ ਟੀਵੀ ’ਤੇ ਜਦੋਂ ਤੋਂ ਕਬੱਡੀ ਪ੍ਰੋ ਲੀਗ ਦੀ ਸ਼ੁਰੂਆਤ ਹੋਈ ਹੈ, ਇਸ ਖੇਡ ਨੇ ਜਿੱਥੇ ਖਿਡਾਰੀਆਂ ਨੂੰ ਕਰੋੜਪਤੀ ਬਣਾਇਆ ਹੈ ,ੳੱੁਥੇ ਹੀ ਸਕੂਲਾਂ-ਕਾਲਜਾ ਦੀ ਨੈਸ਼ਨਲ ਸਟਾਈਲ ਕਬੱਡੀ ਦਾ ਕੱਦ ਦੇਸ਼-ਵਿਦੇਸ਼ ਵਿਚ ਵੀ ਉੱਚਾ ਹੋਇਆ ਹੈ । ਕਬੱਡੀ ਖੇਡ ਭਾਰਤ ਦੇ ਉੱਤਰੀ ਹਿੱਸੇ ਵਿਚ ਸਰਕਲ ਸਟਾਈਲ ਦੇ ਰੂਪ ਵਿੱਚ ਪਿੰਡਾਂ, ਕਸਬਿਆਂ ’ਚ ਜ਼ਿਆਦਾ ਖੇਡੀ ਜਾਂਦੀ ਹੈ ਜਦਕਿ ਨੈਸ਼ਨਲ ਸਟਾਈਲ ਕਬੱਡੀ ਦੱਖਣੀ ਭਾਰਤ ਤੋਂ ਇਲਾਵਾ ਏਸ਼ਿਆਈ ਖੇਡਾਂ ਦਾ ਸ਼ਿੰਗਾਰ ਬਣ ਚੱੁਕੀ ਹੈ ।

ਇਸ ਦਾ ਕਾਰੋਬਾਰ ਬਹੁਤ ਹੀ ਸੁਚਾਰੂ ਰੂਪ ਵਿਚ ਪੇਸ਼ੇਵਰ ਢੰਗ ਨਾਲ ਵਧਿਆ ਫੁੱਲਿਆ ਹੈ । ਕਬੱਡੀ ਦੀ ਖੇਡ ਨੂੰ ਜ਼ਿਆਦਾਤਰ ਆਮ ਘਰਾਂ ਦੇ ਮੁੰਡੇ ਕੁੜੀਆ ਖੇਡਦੇ ਹਨ। ਇਸ ਨੂੰ ਜ਼ੋਰਾਵਰਾਂ ਦੀ ਖੇਡ ਕਿਹਾ ਜਾਂਦਾ ਹੈ ਪਰ ਕੁਝ ਸਾਲਾਂ ਤੋਂ ਇਹ ਤਕਨੀਕੀ ਤੌਰ ’ਤੇ ਵੀ ਸੁਧਾਰੀ ਗਈ ਹੈ । ਦੇਸ਼ ਦੁਨੀਆ ਅੰਦਰ ਜਦੋਂ ਕਬੱਡੀ ਦੇ ਨੈਸ਼ਨਲ ਸਟਾਈਲ ਦੀ ਖ਼ੁਸ਼ਹਾਲੀ ਤੇ ਵਿਸਥਾਰ ਦੀ ਗੱਲ ਹੋਵੇਗੀ ਤਾਂ ਦੇਸ਼ ਦੇ ਗੁਲਾਬੀ ਸ਼ਹਿਰ ਜੈਪੁਰ ਦੇ ਜਨਾਰਦਨ ਸਿੰਘ ਗਹਿਲੋਤ ਦਾ ਨਾਂ ਬੜੇ ਮਾਣ ਨਾਲ ਲਿਆ ਜਾਵੇਗਾ ।

 

ਦੇਸ਼ ਅੰਦਰ ਇਕ ਚੋਟੀ ਦੇ ਸਿਆਸਤਦਾਨ ਦੇ ਨਾਲ- ਨਾਲ ਉਹ ਉੱਘੇ ਖੇਡ ਪ੍ਰੇਮੀ ਵੀ ਸਨ । ਉਨ੍ਹਾਂ ਨੇ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਜੀਅ ਜਾਨ ਨਾਲ ਕੰਮ ਕੀਤਾ । ਪਿਛਲੇ ਦਿਨੀਂ ਉਹ ਇਸ ਜਹਾਨ ਤੋਂ ਰੁਖ਼ਸਤ ਹੋ ਗਏ, ਜਿਸ ਨਾਲ ਕਬੱਡੀ ਖੇਡ ਜਗਤ ਅੰਦਰ ਅਜਿਹਾ ਖਲਾਅ ਪੈਦਾ ਹੋ ਗਿਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ। ਉਹ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਮੌਜੂਦਾ ਦੌਰ ਦੇ ਪ੍ਰਧਾਨ ਸਨ ।

 

ਸਿਆਸਤ ’ਚ ਦਾਖ਼ਲਾ

 

ਜਨਾਰਦਨ ਸਿੰਘ ਗਹਿਲੋਤ ਦਾ ਜਨਮ 5 ਅਕਤੂਬਰ 1944 ਨੂੰ ਰਾਜਸਥਾਨ ਵਿਚ ਹੋਇਆ। ਦੇਸ਼ ਦੀ ਸਿਆਸਤ ਵਿਚ ਉਨ੍ਹਾਂ ਦਾ ਆਗਮਨ ਕਾਂਗਰਸ ਪਾਰਟੀ ਰਾਹੀਂ ਹੋਇਆ। 2008 ਤੋਂ 2019 ਤੱਕ ਉਹ ਭਾਰਤੀ ਜਨਤਾ ਪਾਰਟੀ ਵਿਚ ਵੀ ਰਹੇ। ਉਹ ਤਿੰਨ ਵਾਰ ਕਰੋਲੀ ਤੇ ਇਕ ਵਾਰ ਜੈਪੁਰ ਤੋਂ ਵਿਧਾਇਕ ਰਹੇ ਸਨ । ਉਨ੍ਹਾਂ ਨੇ ਦੇਸ਼ ਦੇ ਚੋਟੀ ਦੇ ਨੇਤਾ ਭੈਰੋਂ ਸਿੰਘ ਸ਼ੇਖਾਵਤ ਨੂੰ ਹਰਾ ਕੇ ਆਪਣੇ ਆਪ ਨੂੰ ਸਿਆਸਤ ਵਿਚ ਸਾਬਿਤ ਕੀਤਾ। ਉਹ ਕਾਂਗਰਸੀ ਨੇਤਾ ਸੰਜੈ ਸਿੰਘ ਦੇ ਸਾਥੀ ਸਨ । ਉਹ ਕੇਂਦਰ ਸਰਕਾਰ ਦੀ ਵਜ਼ਾਰਤ ’ਚ ਦੇਸ਼ ਦੇ ਖਾਦ ਉਦਯੋਗ ਮੰਤਰੀ ਵੀ ਰਹੇ । ਉਹ ਭਾਜਪਾ ’ਚ ਹੁੰਦਿਆਂ ਰਾਜਸਥਾਨ ਭੰਡਾਰਨ ਨਿਗਮ ਦੇ ਚੇਅਰਮੈਨ ਵੀ ਰਹੇ ।

 

ਏਸ਼ਿਆਈ ਖੇਡਾਂ ’ਚ ਕਬੱਡੀ ਨੂੰ ਸ਼ਾਮਲ ਕਰਵਾਉਣ ’ਚ ਯੋਗਦਾਨ

 

 

ਜਨਾਰਦਨ ਸਿੰਘ ਗਹਿਲੋਤ 1960 ਵਿਚ ਕਬੱਡੀ ਨਾਲ ਜੁੜ ਗਏ ਸਨ। ਉਹ ਲਗਪਗ ਚਾਰ ਦਹਾਕੇ ਐਮਚਿਉਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ, ਏਸ਼ੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ,ਐਮਚਿਉਰ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਨ। ਉਹ ਭਾਰਤੀ ਓਲੰਪਿਕ ਸੰਘ ਦੇ ਉਪ ਪ੍ਰਧਾਨ ਅਤੇ ਰਾਜਸਥਾਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ । ਉਨ੍ਹਾਂ ਨੂੰ ਖੇਡ ਦਾ ਜਨੂੰਨ ਸੀ । ਕਬੱਡੀ ਨੂੰ ਏਸ਼ਿਆਹਂ ਖੇਡਾਂ ’ਚ ਸ਼ਾਮਿਲ ਕਰਵਾਉਣ ਲਈ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਸੀ ।1990 ’ਚ ਪਹਿਲੀ ਵਾਰ ਕਬੱਡੀ ਏਸ਼ਿਆਈ ਖੇਡਾਂ ’ਚ ਸ਼ਾਮਿਲ ਕਰਵਾਉਣ ਲਈ ਉਨ੍ਹਾਂ ਸਿਰਤੋੜ ਯਤਨ ਕੀਤੇ ।

 

ਕਬੱਡੀ ਨੂੰ ਓਲੰਪਿਕ ’ਚ ਲਿਜਾਣ ਦਾ ਮਕਸਦ ਰਿਹਾ ਅਧੂਰਾ

 

1984 ਵਿਚ ਜਨਾਰਦਨ ਸਿੰਘ ਗਹਿਲੋਤ ਸ਼ਰਦ ਪਵਾਰ ਨੂੰ ਹਰਾ ਕੇ ਭਾਰਤੀ ਕਬੱਡੀ ਸੰਘ ਦੇ ਪ੍ਰਧਾਨ ਬਣੇ। ਉਨ੍ਹਾਂ ਦੀ ਅਗਵਾਈ ਵਿਚ ਦੇਸ਼ ਅੰਦਰ ਸਰਕਲ ਸਟਾਈਲ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਦੀਆਂ ਅਨੇਕਾਂ ਚੈਪੀਅਨਸ਼ਿਪਾਂ ਅਤੇ ਹੋਰ ਟੂਰਨਾਮੈਂਟ ਖੇਡੇ ਗਏ । 2004 ਵਿਚ ਉਨ੍ਹਾਂ ਨੇ ਨੈਸ਼ਨਲ ਸਟਾਈਲ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਕਰਵਾਈ । 2014 ਵਿਚ ਉਨ੍ਹਾਂ ਦੀ ਉਸਾਰੂ ਸੋਚ ਸਦਕਾ ਪ੍ਰੋ ਕਬੱਡੀ ਲੀਗ ਵਰਗਾ ਮਹਾਂਕੁੰਭ ਸ਼ੁਰੂ ਹੋਇਆ, ਜਿਸ ਨਾਲ ਸੈਂਕੜੇ ਖਿਡਾਰੀਆਂ ਦੇ ਜੀਵਨ ਵਿਚ ਆਰਥਿਕ ਕ੍ਰਾਂਤੀ ਆਈ । ਉਨ੍ਹਾਂ ਦੀ ਅਗਵਾਈ ਵਿਚ 2011 ਵਿਚ ਈਰਾਨ ਵਿੱਚ ਮੁੰਡਿਆਂ ਦੀ ਏਸ਼ੀਆ ਕਬੱਡੀ ਚੈਪੀਅਨਸ਼ਿਪ ਕਰਵਾਈ ਗਈ, ਜੋ ਬਾਅਦ ਵਿਚ ਦੋ ਵਾਰ ਪਾਕਿਸਤਾਨ ਵਿਚ ਵੀ ਖੇਡੀ ਗਈ । 2010 ਵਿਚ ਪੰਜਾਬ ਵਰਲਡ ਕਬੱਡੀ ਕੱਪ ਸਮੇਂ ਵੀ ਉਨ੍ਹਾਂ ਆਪਣੀ ਫੈਡਰੇਸ਼ਨ ਐਮਚਿਉਰ ਕਬੱਡੀ ਫੈਡਰੇਸ਼ਨ ਵੱਲੋਂ ਕਬੱਡੀ ਦੀ ਰਹਿਨੁਮਾਈ ਕੀਤੀ । 2018 ਵਿੱਚ ਮਲੇਸ਼ੀਆ ਵਿਚ ਮਹਿਲਾ ਏਸ਼ੀਆ ਚੈਪੀਅਨਸ਼ਿਪ ਕਬੱਡੀ ਸਰਕਲ ਸਟਾਈਲ ਖੇਡੀ ਗਈ, ਜਿਸ ਵਿਚ ਭਾਰਤ ਜੇਤੂ ਰਿਹਾ । 2020 ਵਿਚ ਪਾਕਿਸਤਾਨ ਵਿਸ਼ਵ ਕਬੱਡੀ ਕੱਪ ਦੌਰਾਨ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਸੀ । ਉਨ੍ਹਾਂ ਮੁਹੰਮਦ ਸਰਵਰ ਰਾਣਾ ਜਰਨਲ ਸੈਕਟਰੀ ਏਸ਼ੀਆ ਕਬੱਡੀ ਫੈਡਰੇਸ਼ਨ ਨਾਲ ਮਿਲ ਕੇ ਕਬੱਡੀ ਦੀ ਅਗਵਾਈ ਕੀਤੀ । ਉਨ੍ਹਾਂ ਦਾ ਮੁੱਖ ਨਿਸ਼ਾਨਾ ਕਬੱਡੀ ਨੂੰ ਏਸ਼ੀਆ ਰਾਹੀਂ ਓਲੰਪਿਕ ਵਿਚ ਪਹੁੰਚਾਉਣਾ ਸੀ, ਜੋ ਉਨ੍ਹਾਂ ਦੀ ਮੌਤ ਨਾਲ ਟੁੱਟ ਗਿਆ ਹੈ। ਰਾਜਨੀਤੀ ਖੇਤਰ ਦੇ ਧੜੱਲੇਦਾਰ ਆਗੂ ਗਹਿਲੋਤ ਨੇ ਕਬੱਡੀ ਵਿਚ ਵੀ ਸਿੱਕਾ ਚਲਾਇਆ। ਉਨ੍ਹਾਂ ਦੀ ਧਰਮਪਤਨੀ ਡਾ. ਮਿ੍ਰਦੁਲ ਭਦੂਰੀਆ ਦਾ ਉਨ੍ਹਾਂ ਨਾਲ ਵਿਸ਼ੇਸ਼ ਯੋਗਦਾਨ ਰਿਹਾ ਹੈ । ਪਿਛਲੇ ਸਾਲਾਂ ਤੋਂ ਉਨ੍ਹਾਂ ਦੀ ਪ੍ਰਧਾਨਗੀ ਨੂੰ ਲੈ ਕੇ ਭਾਰਤ ਵਿਚ ਸਵਾਲ ਵੀ ਉੱਠ ਰਹੇ ਸਨ ਪਰ ਉਹ ਅਡੋਲ ਕੰਮ ਕਰ ਰਹੇ ਸਨ । ਖਿਡਾਰੀਆਂ ਨੇ ਉਨ੍ਹਾਂ ਨੂੰ ਕਬੱਡੀ ਦਾ ਭੀਸ਼ਮ ਪਿਤਾਮਾ ਵੀ ਆਖਿਆ ਹੈ। ਪਿਛਲੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ । ਉਨ੍ਹਾਂ ਦੇ ਜਾਣ ਨਾਲ ਕਬੱਡੀ ਜਗਤ ਦਾ ਇਕ ਪਿੜ ਖ਼ਾਲੀ ਹੋ ਗਿਆ ਹੈ। ਦਹਾਕਿਆਂ ਬੱਧੀ ਕਬੱਡੀ ਦੀ ਸੇਵਾ ਕਰਨ ਵਾਲੇ ਗਹਿਲੋਤ ਨੂੰ ਕਬੱਡੀ ਕਦੇ ਵੀ ਵਿਸਾਰ ਨਹੀਂ ਸਕਦੀ। ਉਨ੍ਹਾਂ ਦੀ ਮੌਤ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ । ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਸਦੀਵੀ ਨਿਵਾਸ ਬਖ਼ਸ਼ੇ। ਆਮੀਨ!

Related posts

IND vs AFG Asia Cup 2022 Live Streaming: ਜਿੱਤ ਦੇ ਨਾਲ ਘਰ ਵਾਪਸ ਆਉਣਾ ਚਾਹੇਗੀ ਟੀਮ ਇੰਡੀਆ , ਜਾਣੋ ਕਦੋਂ ਤੇ ਕਿੱਥੇ ਦੇਖਣਾ ਹੈ ਮੈਚ

On Punjab

ਚੀਨ ਹੱਥੋਂ ਹਾਰੀ ਭਾਰਤੀ ਮਰਦ ਬੈਡਮਿੰਟਨ ਟੀਮ, ਸਾਤਵਿਕ ਤੇ ਚਿਰਾਗ ਦੀ ਡਬਲਜ਼ ਜੋੜੀ ਹੀ ਇੱਕੋ-ਇਕ ਜਿੱਤ ਦਰਜ ਕਰ ਸਕੀ

On Punjab

ਵਰਲਡ ਕੱਪ ‘ਚ ਕੌਣ ਕਿਸ ਨਾਲ ਭਿੜੇਗਾ? ਇੱਥੇ ਜਾਣੋ ਸਾਰਾ ਹਾਲ

On Punjab