ਵੀਏਨਾ-23 ਸਾਲਾ ਇਕ ਨੌਜਵਾਨ ਨੇ ਬੀਤੇ ਦਿਨ ਦੱਖਣੀ ਆਸਟਰੀਆ ਵਿੱਚ ਛੇ ਰਾਹਗੀਰਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲੀਸ ਦਾ ਕਹਿਣਾ ਹੈ ਕਿ ਇਹ ਇਕ ਬੇਤਰਤੀਬ ਹਮਲਾ ਸੀ, ਜਿਸ ਵਿੱਚ ਇਕ 14 ਸਾਲਾ ਨਾਬਾਲਗ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਸ਼ੱਕੀ ਨੂੰ ਵਿਲਾਚ ਸ਼ਹਿਰ ਤੋਂ ਹਿਰਾਸਤ ਵਿੱਚ ਲਿਆ ਗਿਆ, ਜਿੱਥੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਆਸਟਰੀਆ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਵਾਲਾ ਇਕ ਸੀਰਿਆਈ ਨਾਗਰਿਕ ਹੈ।
ਪੁਲੀਸ ਦੇ ਤਰਜਮਾਨ ਰੇਨਰ ਡਾਇਓਨਿਸਿਓ ਨੇ ਕਿਹਾ ਕਿ ਹਮਲੇ ਪਿਛਲੇ ਮਕਸਦ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਮਲਾਵਰ ਦੇ ਨਿੱਜੀ ਪਿਛੋਕੜ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਸਹੀ ਜਾਣਕਾਰੀ ਮਿਲਣ ਤੱਕ ਇੰਤਜ਼ਾਰ ਕਰਨਾ ਹੋਵੇਗਾ।’’ ਪੁਲੀਸ ਨੇ ਕਿਹਾ ਕਿ ਇਕ 42 ਸਾਲਾ ਵਿਅਕਤੀ, ਜੋ ਕਿ ਖੁਰਾਕੀ ਵਸਤਾਂ ਦੀ ਡਿਲਿਵਰੀ ਕਰਨ ਵਾਲੀ ਇਕ ਕੰਪਨੀ ਵਿੱਚ ਕੰਮ ਕਰਦਾ ਹੈ, ਨੇ ਆਪਣੀ ਕਾਰ ਵਿੱਚੋਂ ਸਾਰੀ ਘਟਨਾ ਨੂੰ ਦੇਖਿਆ। ਉਸ ਨੇ ਆਪਣੀ ਕਾਰ ਸ਼ੱਕੀ ਵੱਲ ਵਧਾਈ ਅਤੇ ਹਾਲਾਤ ਹੋਰ ਵਿਗੜਨ ਤੋਂ ਰੋਕ ਲਏ।