ਪਟਿਆਲਾ-ਪਟਿਆਲਾ ਨਗਰ ਨਿਗਮ ਦੇ ਬਗ਼ੈਰ ਮੁਕਾਬਲਾ ਜੇਤੂ ਆਮ ਆਦਮੀ ਪਾਰਟੀ ਦੇ 7 ਕੌਂਸਲਰਾਂ ਨੇ ਅੱਜ ਸਹੁੰ ਚੁੱਕ ਲਈ। ਇਸ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅੱਜ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਨੇ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪਟਿਆਲਾ ਦੇ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਤੇ ਨਗਰ ਨਿਗਮ ਕਮਿਸ਼ਨਰ ਵੀ ਮੌਜੂਦ ਰਹੇ। ਅੱਜ ਕੌਂਸਲਰ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਰਾਜੇਸ਼ ਕੁਮਾਰ ਰਾਜੂ ਸਾਹਨੀ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਗੀਤਾ ਰਾਣੀ, ਸੋਨੀਆ ਦਾਸ ਅਤੇ ਅਮਨਪ੍ਰੀਤ ਕੌਰ ਸ਼ਾਮਲ ਹਨ। ਇਸ ਤਰ੍ਹਾਂ ਨਿਗਮ ਦੇ 60 ਕੌਂਸਲਰਾਂ ਵਿਚੋਂ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰਾਂ ਦੀ ਗਿਣਤੀ ਹੁਣ 50 ਹੋ ਗਈ ਹੈ ਕਿਉਂਕਿ ਚੋਣਾਂ ’ਚ ਪਾਰਟੀ ਦੇ 43 ਕੌਂਸਲਰ ਪਹਿਲਾਂ ਹੀ ਜੇਤੂ ਰਹੇ ਸਨ।
ਸਮਾਂ ਪਹਿਲਾਂ ਵਾਲਾ ਨਹੀਂ ਰਿਹਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਦੇ ਨਗਰ ਨਿਗਮ ’ਚ 60 ਵਿਚੋਂ 59 ਕੌਂਸਲਰ ਸਨ। ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਤੇ ਵੋਟਰ ਸਿਆਣੇ ਹੋ ਗਏ ਹਨ।
ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ:ਸਹੁੰ ਚੁੱਕਣ ਮਗਰੋਂ ਸੱਤ ਕੌਂਸਲਰਾਂ ਨੇ ਹਾਈ ਕੋਰਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।