ਪਟਿਆਲਾ ਵਿੱਚ ਮੀਂਹ ਨੇ ਪ੍ਰਸ਼ਾਸਨ ਵੱਲੋਂ ਕੀਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਅੱਜ ਅਰਬਨ ਅਸਟੇਟ ਵਿੱਚ ਪਿਛਲੇ ਸਾਲ ਵਰਗੇ ਹਾਲਾਤ ਦੇਖਣ ਨੂੰ ਮਿਲੇ ਅਤੇ ਇਸ ਦੌਰਾਨ ਕਈ ਘਰਾਂ ਵਿੱਚ ਪਾਣੀ ਵੜ ਗਿਆ। ਇਸ ਤੋਂ ਇਲਾਵਾ ਸ਼ਾਹੀ ਸ਼ਹਿਰ ਦੇ ਤ੍ਰਿਪੜੀ ਅਤੇ ਮਾਡਲ ਟਾਊਨ ਖੇਤਰ ਦੀਆਂ ਸੜਕਾਂ ’ਤੇ ਤਿੰਨ-ਤਿੰਨ ਫੁੱਟ ਭਰ ਗਿਆ। ਇਸੇ ਤਰ੍ਹਾਂ ਅਰਨਾ ਬਰਨਾ ਚੌਕ, ਧਰਮਪੁਰਾ ਬਾਜ਼ਾਰ, ਕੜਾਹਵਾਲਾ ਚੌਕ, ਮੋਦੀ ਕਾਲਜ ਦਾ ਇਲਾਕਾ, ਧੱਕਾ ਕਲੋਨੀ, ਸਨੌਰੀ ਅੱਡਾ, ਅਦਾਲਤ ਬਾਜ਼ਾਰ, ਪੁਰਾਣਾ ਬੱਸ ਸਟੈਂਡ, ਗਊਸ਼ਾਲਾ ਰੋਡ, ਛੋਟੀ ਬਾਰਾਂਦਰੀ ਬੇਅੰਤ ਸਿੰਘ ਦੇ ਬੁੱਤ ਕੋਲ, ਨਾਭਾ ਗੇਟ ਤੋਂ ਇਲਾਵਾ ਸ਼ਹਿਰ ਵਿਚ ਸੜਕਾਂ ’ਤੇ ਪਾਣੀ ਨਦੀਆਂ ਦੀ ਤਰ੍ਹਾਂ ਵਗ ਰਿਹਾ ਸੀ। ਸੜਕਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਟਿਆਲਾ ਤੋਂ ਰਾਜਪੁਰਾ ਰੋਡ ’ਤੇ ਨਵੇਂ ਬੱਸ ਸਟੈਂਡ ਕੋਲ ਬੱਤੀਆਂ ਵਾਲੇ ਚੌਕ ਨੇੜੇ ਲੋਕਾਂ ਦੇ ਵਾਹਨ ਪਾਣੀ ਕਾਰਨ ਬੰਦ ਹੋ ਗਏ। ਪੁੱਡਾ ਕੋਲੋਂ ਰਿਆਨ ਸਕੂਲ ਵੱਲ ਜਾਂਦੀ ਸੜਕ ਨੇ ਵੀ ਨਦੀ ਦਾ ਰੂਪ ਧਾਰਿਆ ਹੋਇਆ ਸੀ ਤੇ ਇਥੇ ਵੀ ਕਈ ਘਰਾਂ ਵਿਚ ਪਾਣੀ ਵੜ ਗਿਆ। ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਵਿਚ ਪਿਛਲੇ ਸਾਲ ਵਾਲਾ ਸਹਿਮ ਦੇਖਣ ਨੂੰ ਮਿਲਿਆ। ਇੱਥੇ ਰਹਿੰਦੇ ਰੇਡੀਓ ਸਟੇਸ਼ਨ ਪਟਿਆਲਾ ਦੇ ਸਾਬਕਾ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਅੱਜ ਪਏ ਮੀਂਹ ਨੇ ਲੋਕਾਂ ਅੰਦਰ ਸਹਿਮ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇੰਨੀ ਕੁ ਮੀਂਹ ਹੋਰ ਪੈ ਜਾਂਦਾ ਤਾਂ ਪਿਛਲੇ ਸਾਲ ਵਾਲੀ ਸਥਿਤੀ ਪੈਦਾ ਹੋ ਜਾਣੀ ਸੀ। ਉਨ੍ਹਾਂ ਦੋਸ਼ ਲਾਇਆ ਪੁੱਡਾ ਨੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਵਾਰ ਵਾਰ ਪੁੱਡਾ ਦੇ ਅਧਿਕਾਰੀਆਂ ਕੋਲ ਗਏ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸੇ ਤਰ੍ਹਾਂ ਸਾਬਕਾ ਆਈਏਐਸ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਪੁੱਡਾ ਨੂੰ ਅਰਬਨ ਅਸਟੇਟ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨਾ ਹੋਵੇਗਾ ਨਹੀਂ ਤਾਂ ਜਦੋਂ ਲੋਕ ਪ੍ਰੇਸ਼ਾਨ ਹੋਣਗੇ ਤਾਂ ਲੋਕਾਂ ਵਿਚ ਰੋਹ ਵਧਦਾ ਜਾਵੇਗਾ। ਇਸੇ ਤਰ੍ਹਾਂ ਜੋ ਸੜਕਾਂ ਪਾਣੀ ਦੇ ਪਾਈਪ ਪਾਉਣ ਨਾਲ ਪੁੱਟੀਆਂ ਗਈਆਂ ਹਨ ਉਹ ਸੜਕਾਂ ’ਤੇ ਲੋਕਾਂ ਦੀ ਪ੍ਰੇਸ਼ਾਨੀ ਭਾਰੀ ਦੇਖੀ ਗਈ, ਕੁਝ ਸਕੂਟਰ ਮੋਟਰਸਾਈਕਲਾਂ ਵਾਲੇ ਪਾਣੀ ਵਿਚ ਡਿੱਗ ਗਏ।