-ਘਰ ਦੇ ਦਰਵਾਜ਼ੇ ਬਾਰੀਆਂ ਤੋੜ ਕੇ
-ਲੁੱਟਿਆ ਕੀਮਤੀ ਸਮਾਨ
-ਇੱਕ ਨੂੰ ਮੌਕੇ ‘ਤੇ ਫੜ੍ਹਕੇ ਕੀਤਾ ਪੁਲਿਸ ਹਵਾਲੇ
-ਭੋਲਾ, ਸੈਣੀ ਅਤੇ ਡਾਕਟਰ ਸਮੇਤ ਕਈ ਅਣਪਛਾਤਿਆਂ ‘ਤੇ ਮੁਕੱਦਮਾ ਦਰਜ਼
-ਗੁੰਡਾ ਗ੍ਰੋਹ ‘ਚ ਇੱਕ ਔਰਤ ਵੀ ਸ਼ਾਮਲ
ਪਟਿਆਲਾ 🙁 ) ਮੁੱਖ ਮੰਤਰੀ ਦੇ ਨਿੱਜ਼ੀ ਸ਼ਹਿਰ ਪਟਿਆਲਾ ਵਿਖੇ 22 ਨੰਬਰ ਫਾਟਕ ਨੇੜੇ ਸਥਿੱਤ 22 ਏ ਨੰਬਰ ਕੋਠੀ ਅਤੇ ਇਸ ਦੇ ਵੱਡੇ ਪਲਾਟ ਦੇ ਗੁੰਡਿਆਂ ਵੱਲੋਂ ਰਾਤ ਸਮੇਂ ਕਬਜ਼ਾ ਕਰਨ ਦੀ ਆੜ ‘ਚ ਲੁੱਟ-ਮਾਰ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਕੋਠੀ ਅਤੇ ਪਲਾਟ ਦੀਆਂ ਮਾਲਕਣ ਦੋ ਸਕੀਆਂ ਭੈਣਾਂ ਸੁਰਿੰਦਰ ਕੌਰ ਸਿੱਧੂ ਅਤੇ ਸਤਵਿੰਦਰ ਕੌਰ ਸਿੱਧੂ ਨੇ ਆਪਣੀ ਇਹ ਜਾਇਦਾਦ ਵੇਚਣ ਦਾ ਲਿਖਤੀ ਇਕਰਾਰਨਾਮਾ ਕਰਕੇ 25-8-2020 ਨੂੰ ਪੂਰੀ ਰਕਮ ਦਾ ਇੱਕ ਚੌਥਾਈ ਹਿੱਸਾ ਲੈਣ ਦੀ ਲਿਖਤ ਕਰਕੇ ਬਿਆਨੇ ‘ਤੇ ਆਰਜ਼ੀ ਕਬਜ਼ੇ ਵਜੋਂ ਖ਼ਰੀਦਾਰ ਵਿਅਕਤੀਆਂ ਨੂੰ ਆਪਣੇ ਹਿੱਸੇ ‘ਚ ਆਉਂਦੀ ਕੋਠੀ ਦੇ ਅੱਧੇ ਹਿੱਸੇ ਵਿੱਚ ਬਿਠਾ ਦਿੱਤਾ ਸੀ ਜਦੋਂ ਕਿ ਬਾਕੀ ਅੱਧੀ ਕੋਠੀ ਵਿੱਚ ਇੰਨ੍ਹਾਂ ਬਜ਼ੁਰਗ ਮਹਿਲਾਵਾਂ ਦੇ ਭਰਾ ਦਾ ਪਰਿਵਾਰ ਰਹਿੰਦਾ ਸੀ। ਖਰੀਦਦਾਰਾਂ ਵੱਲੋਂ ਪੂਰੀ ਰਕਮ ਦਾ ਜੋ ਵੀਹਵਾਂ ਹਿੱਸਾ ਦਿੱਤਾ ਗਿਆ ਸੀ ਉਹ ਵੀ ਟੁੱਟਵੀਆਂ ਕਿਸ਼ਤਾਂ ‘ਚ ਦਿੱਤਾ ਗਿਆ। ਜਦੋਂ ਬਜ਼ੁਰਗ ਮਹਿਲਾਵਾਂ ਨੇ ਇਕਰਾਰਨਾਮੇ ਦੀ ਰਕਮ ਦੀ ਮੰਗ ਕੀਤਾ ਤਾਂ ਉਹ ਰਕਮ ਦੇਣ ਤੋਂ ਬਹਾਨੇਬਾਜੀ ਕਰਨ ਲੱਗੇ। ਜਦੋਂ ਮਹਿਲਾਵਾਂ ਨੂੰ ਇਸ ਹਰਕਤ ਦਾ ਪਤਾ ਲੱਗਾ ਕਿ ਉਹ ਰਕਮ ਦੇਣ ਤੋਂ ਟਾਲ਼ ਮਟੋਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਇਕਰਾਰਨਾਮੇ ਦੀ ਤਾਰੀਖ਼ ਲੰਘਣ ਤੋਂ 19 ਦਿਨ ਬਾਅਦ ਆਪਣੇ ਵਕੀਲ ਕੋਲੋਂ, ਜਿਸ ਰਾਹੀਂ ਇਹ ਸੌਦਾ ਹੋਇਆ ਸੀ, ਇਕਰਾਰਨਾਮਾ ਤੋੜ ਦੇਣ ਬਾਰੇ ਕਹਿ ਦਿੱਤਾ। ਖ਼ਰੀਦਦਾਰ ਗੁੰਡਾ ਅਨਸਰਾਂ ਹਰਬੰਸ ਸਿੰਘ ਉਰਫ਼ ਭੋਲਾ ਪਿੰਡ ਸਨੌਰ, ਰਵੀਇੰਦਰ ਸਿੰਘ ਸੈਣੀ ਅਤੇ ਰਵਿੰਦਰ ਸਿੰਘ ਉਰਫ਼ ਡਾਕਟਰ ਪਟਿਆਲਾ ਵਾਸੀ ਨੇ ਜਵਾਬ ਸੁਣਦੇ ਸਾਰ ਹੀ 30 ਤੋਂ ਗੁੰਡਿਆਂ ਨੂੰ ਇਕੱਠੇ ਕਰਕੇ ਅੱਧੀ ਰਾਤ ਦੇ ਸਮੇਂ ਬਜ਼ੁਰਗ ਮਹਿਲਾਵਾਂ ਦੇ ਭਰਾ ਦੇ ਪਰਿਵਾਰ ਉੱਪਰ ਉਨ੍ਹਾਂ ਦੇ ਹਿੱਸੇ ਆਉਂਦੀ ਕੋਠੀ ਵਿੱਚ ਵੜ ਕੇ ਕਿਰਪਾਨਾਂ, ਟਕੂਏ, ਗੰਡਾਸਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਗੁੰਡਾਗਰਦੀ ਦਾ ਨੰਗਾਨਾਚ ਕਰਦੇ ਹੋਏ ਗੁੰਡਿਆਂ ਨੇ ਘਰ ਦੇ ਸਾਰੇ ਦਰਵਾਜ਼ੇ ਬਾਰੀਆਂ, ਪੇਟੀਆਂ ਅਤੇ ਅਲਮਾਰੀਆਂ ਦੀ ਬਹੁਤ ਬੁਰੀ ਤਰਾਂ ਭੰਨ ਤੋੜ ਕੀਤੀ ਗਈ ਅਤੇ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਲਿਆ ਗਿਆ। ਸੋਨੇ ਦੇ ਗਹਿਣਿਆਂ ਤੋਂ ਇਲਾਵਾ ਘਰ ਵਿੱਚ ਪਈ ਨਗਦੀ, ਲੈਪਟਾਪ ਅਤੇ ਹਰਬੰਸ ਭੋਲੇ ਵੱਲੋਂ ਪਸਤੌਲ ਦੀ ਨੋਕ ‘ਤੇ ਘਰ ਦੀ ਮਹਿਲਾ ਤੋਂ ਮੋਬਾਇਲ ਖੋਹ ਕੇ ਇਲੈਕਟਰਾਨਿਕ ਦਾ ਸਾਰਾ ਸਮਾਨ ਲੁੱਟਣ ਤੋਂ ਇਲਾਵਾ ਘਰ ਆਏ ਰਿਸ਼ਤੇਦਾਰਾਂ ਦੀ ਵੀ ਕੁੱਟ-ਮਾਰ ਕਰਨ ਉਪਰੰਤ ਗੁੰਡੇ ਅਨਸਰ ਪੁਲਿਸ ਦੇ ਪਹੁੰਚਣ ਤੱਕ ਫ਼ਰਾਰ ਹੋ ਗਏ ਜਦੋਂ ਕਿ ਉਨ੍ਹਾਂ ਦਾ ਇੱਕ ਲੁਟੇਰਾ ਸਾਥੀ ਰਵਿੰਦਰ ਸਿੰਘ ਉਰਫ਼ ਡਾਕਟਰ ਨੂੰ ਸਮੈਕ ਦੇ ਨਸ਼ੇ ਵਿੱਚ ਧੁੱਤ ਹੋਏ ਨੂੰ ਮੌਕੇ ‘ਤੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਘਰ ਦੇ ਮੈਂਬਰਾਂ ਦੇ ਬਿਆਨਾਂ ਦੇ ਅਧਾਰਿਤ ਹਰਬੰਸ ਸਿੰਘ ਉਰਫ਼ ਭੋਲਾ ਪਿੰਡ ਸਨੌਰ, ਰਵੀਇੰਦਰ ਸਿੰਘ ਸੈਣੀ ਉਰਫ਼ ਸ਼ੈਰੀ ਮਾਲਵਾ ਕਲੋਨੀ ਅਤੇ ਰਵਿੰਦਰ ਸਿੰਘ ਉਰਫ਼ ਡਾਕਟਰ ਦੀਪ ਨਗਰ ਵਾਸੀ ਪਟਿਆਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਉੱਪਰ ਆਈ ਪੀ ਸੀ ਦੀਆਂ ਧਾਰਾਵਾਂ 458, 382, 323, 506, 148, 149, 120ਬੀ ਅਤੇ ਆਰਮ ਐਕਟ ਦੀਆਂ 25, 27, 54 ਧਾਰਾ ਤਾਹਿਤ ਮੁਕੱਦਮਾਂ ਨੰਬਰ 259/20 ਦਰਜ ਤਾਂ ਜਰੂਰ ਕਰ ਲਿਆ ਹੈ ਪਰ ਫੜ੍ਹੇ ਗਏ ਵਿਅਕਤੀ ਦਾ ਵਾਰ ਵਾਰ ਰਿਮਾਂਡ ਲੈਣ ਉਪਰੰਤ ਪੁਲਿਸ ਵੱਲੋਂ ਨਾ ਤਾਂ ਕੋਈ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ ਅਤੇ ਨਾ ਹੀ ਮੁਕੱਦਮੇ ‘ਚ ਦਰਜ ਕਿਸੇ ਵਿਅਕਤੀ ਸੰਬੰਧੀ ਅਜੇ ਤੱਕ ਕੋਈ ਛਾਪੇਮਾਰੀ ਕੀਤੀ ਹੈ।