ਪਟਿਆਲਾ-ਇੱਥੇ ਪਟਿਆਲਾ-ਰਾਜਪੁਰਾ ਰੋਡ ’ਤੇ ਵੱਡੀ ਨਦੀ ਦੇ ਪੁਲ ਉਪਰ ਸਥਾਪਤ ਹੌਰਸ ਪੋਲੋ ਖਿਡਾਰੀਆਂ ਦੇ ਦੋ ਬੁੱਤਾਂ ’ਚੋਂ ਇਕ ਬੁੱਤ ਮਿਲ ਗਿਆ ਹੈ, ਜੋ ਕੁੜੀਆਂ ਦੀ ਆਈਟੀਆਈ ਦੇ ਪਿੱਛੇ ਮਾਰਕਫੈੱਡ ਦੇ ਦਫ਼ਤਰ ਅੱਗੇ ਕਬਾੜ ’ਚ ਪਿਆ ਹੈ। ਬੁੱਤ ਦੀ ਮਾਮੂਲੀ ਮੁਰੰਮਤ ਹੋਣੀ ਸੀ ਪਰ ਪ੍ਰਸ਼ਾਸਨ ਨੇ ਮੁਰੰਮਤ ਕਰਾਉਣ ਦੀ ਬਜਾਏ ਉਸ ਨੂੰ ਨਦੀ ਦੇ ਪੁਲ ਤੋਂ ਪੁੱਟ ਕੇ ਮਾਰਕਫੈੱਡ ਦੇ ਦਫ਼ਤਰ ਅੱਗੇ ਕਬਾੜ ਵਿੱਚ ਸੁੱਟ ਦਿੱਤਾ। ਅੱਜ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਦੱਸਿਆ ਕਿ ਮਾਰਕਫੈੱਡ ਦਫ਼ਤਰ ਅੱਗੇ ਕਬਾੜ ਵਿੱਚ ਸੁੱਟ ਕੇ ਸਿੱਖ ਖਿਡਾਰੀ ਦੇ ਬੁੱਤ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਇਸ ਬਾਰੇ ਨਗਰ ਨਿਗਮ ਦੇ ਤਤਕਾਲੀ ਮੇਅਰ ਵਿਸ਼ਣੂ ਸ਼ਰਮਾ ਨੇ ਕਿਹਾ ਕਿ ਇਹ ਬੁੱਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ (2002-2007) ਵੇਲੇ ਲਗਾਏ ਸਨ। ਇਸ ਦੀ ਸਾਂਭ ਸੰਭਾਲ ਕਰਨ ਲਈ ਵੀ ਸੈਰ ਸਪਾਟਾ ਵਿਭਾਗ ਦੀ ਡਿਊਟੀ ਲਗਾਈ ਗਈ ਸੀ, ਪਰ ਅੱਜ ਦੀ ਖ਼ਬਰ ਨੇ ਮੌਜੂਦਾ ਸਰਕਾਰ ਦੀ ਪਟਿਆਲਾ ਪ੍ਰਤੀ ਨੀਅਤ ਸਪਸ਼ਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਵੇਲੇ ਇਸ ਤਰ੍ਹਾਂ ਦੇ ਬੁੱਤ ਫਿਰ ਲਗਵਾਏ ਜਾਣਗੇ। ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਬੁੱਤ ਕਬਾੜ ਵਿੱਚ ਸੁੱਟਣ ਸਬੰਧੀ ਜਾਂਚ ਕਰਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਕਾਂਗਰਸ ਇਸ ਦਾ ਸਖ਼ਤ ਨੋਟਿਸ ਲਵੇਗੀ। ਉਨ੍ਹਾਂ ਕਿਹਾ ਕਿ ਬੁੱਤ ਦੀ ਮੁਰੰਮਤ ਕੀਤੀ ਜਾਵੇ ਜਾਂ ਇੱਥੇ ਨਵਾਂ ਬੁੱਤ ਸਥਾਪਤ ਕੀਤਾ ਜਾਵੇ। ਪਟਿਆਲਾ ਦੇ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਮਾਮਲੇ ਦੀ ਜਾਂਚ ਉਨ੍ਹਾਂ ਨੇ ਏਡੀਸੀ ਜਨਰਲ ਦੇ ਹਵਾਲੇ ਕੀਤੀ ਹੈ, ਜੋ ਵੀ ਕਸੂਰਵਾਰ ਹੋਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।