ਪਟਿਆਲਾ ਵਿਖੇ ਸਿਵਲ ਏਵਿਏਸ਼ਨ ਕਲੱਬ ‘ਚ NCC ਦਾ ਇਕ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਸਿੰਗਲ ਇੰਜਣ ਵਾਲਾ ਦੋ ਸੀਟਰ ਜਹਾਬ ਕਲੱਬ ਦੇ ਕੰਪਲੈਕਸ ‘ਚ ਹੀ ਡਿਗ ਗਿਆ। ਇਸ ਦੇ ਪਾਇਲਟ ਵਿੰਗ ਕਮਾਂਡਰ ਚੀਮਾ ਅਤੇ ਸਹਾਇਕ ਪਾਇਲਟ ਜ਼ਖਮੀ ਹੋ ਗਏ। ਉਨ੍ਹਾਂ ਨੂੰ ਆਰਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਿਵਲ ਏਵੀਏਸ਼ਨ ਕਲੱਬ ‘ਚ ਜਹਾਜ਼ ਉਡਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਅੱਜ ਦਪੁਹਿਰ ਇਕ ਪਾਇਲਟ ਆਪਣੇ ਕੋ-ਪਾਇਲਟ ਨਾਲ ਸਿੰਗਲ ਇੰਜਣ ਵਾਲੇ ਦੋ ਸੀਟਰ ਜਹਾਜ਼ ਨੂੰ ਉਡਾਉਣ ਦੀ ਤਿਆਰੀ ਕਰ ਰਿਹਾ ਸੀ। ਜਹਾਜ਼ ਨੇ ਅਜੇ ਪੂਰੀ ਤਰ੍ਹਾਂ ਟੇਕ ਆਫ ਵੀ ਨਹੀਂ ਕੀਤਾ ਸੀ ਕਿ ਉਹ ਏਵੀਏਸ਼ਨ ਕਲੱਬ ਦੀਆਂ ਤਾਰਾਂ ਵਿਚ ਉਲਝ ਗਿਆ ਅਤੇ ਹਾਦਸਾਗ੍ਰਸਤ ਹੋ ਗਿਆ। ਇਸ ਦੇ ਪਾਇਲਟ ਅਤੇ ਕੋ-ਪਾਇਲਟ ਦੋਵੇਂ ਸੁਰੱਖਿਅਤ ਹਨ ਪਰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਹ ਆਰਮੀ ਹਸਪਤਾਲ ‘ਚ ਦਾਖਲ ਹਨ।
ਦੱਸਣਯੋਗ ਹੈ ਕਿ ਇਸ ਏਵੀਏਸ਼ਨ ਕਲੱਬ ‘ਚ ਜਹਾਜ਼ ਉਡਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋਮਵਾਰ ਨੂੰ ਵੀ ਪਾਇਲਟ ਅਤੇ ਕੋ-ਪਾਇਲਟ ਦੋ ਸੀਟਰ ਜਹਾਜ਼ ‘ਚ ਟ੍ਰੇਨਿੰਗ ਲਈ ਪਹੁੰਚੇ ਸਨ। ਪਾਇਲਟ ਕਲੱਬ ਦੇ ਰਨਵੇ ‘ਤੇ ਇਕ ਇੰਜਣ ਵਾਲੇ ਇਸ ਜਹਾਜ਼ ਨੂੰ ਉਡਾਉਣ ਵਾਲਾ ਸੀ ਤਾਂ ਇਸ ਦਾ ਸੰਤੁਲਨ ਵਿਗੜ ਗਿਆ ਅਤੇ ਜਹਾਜ਼ ਕਲੱਬ ਦੀਆਂ ਤਾਰਾਂ ਵਿਚ ਜਾ ਕੇ ਉਲਝ ਗਿਆ। ਇਸ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਿਆ ਅਤੇ ਪਾਇਲਟ ਤੇ ਕੋ-ਪਾਇਲਟ ਇਸ ਵਿਚ ਫਸ ਗਏ।