ਇੱਥੇ ਨਾਭਾ ਰੋਡ ਸਥਿਤ ਪਟਿਆਲਾ ਸ਼ਹਿਰ ਵਿਚਲੀ ਬਾਬੂ ਸਿੰਘ ਕਲੋਨੀ ਦੇ ਵਸਨੀਕ ਇਕ ਲੜਕੇ ਦਾ ਕੁਝ ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਰਨ (22) ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ। ਭਾਵੇਂ ਪੂਰੀ ਜਾਂਚ ਹਾਲੇ ਬਾਕੀ ਹੈ ਪਰ ਪੁਲੀਸ ਦੀ ਮੁੱਢਲੀ ਤਫਤੀਸ਼ ਮੁਤਾਬਕ ਇਹ ਕਤਲ ਇੱਕ ਲੜਕੀ ਨੂੰ ਲੈ ਕੇ ਕੀਤਾ ਗਿਆ ਹੈ।
ਇੱਥੇ ਆਲੋਵਾਲ ਵਿੱਚ ਕੱਲ੍ਹ ਦੇਰ ਸ਼ਾਮ ਵਾਪਰੀ ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਰਨ ਜਦੋਂ ਆਪਣੇ ਇੱਕ ਦੋਸਤ ਨਾਲ ਉਸ ਦੇ ਮੋਟਰਸਾਈਕਲ ’ਤੇ ਬੈਠਾ ਆ ਰਿਹਾ ਸੀ ਤਾਂ ਅੱਗੋਂ ਆ ਰਹੇ ਕੁਝ ਮੋਟਰਸਾਈਕਲ ਸਵਾਰਾਂ ਨੇ ਕੋਲੋਂ ਲੰਘਦਿਆਂ ਉਸ ਨੂੰ ਖਿੱਚ ਕੇ ਹੇਠਾਂ ਸੁੱਟ ਲਿਆ। ਇਸ ਉਪਰੰਤ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਹਮਲਾਵਰਾਂ ਵਿੱਚੋਂ ਹੀ ਇੱਕ ਨੌਜਵਾਨ ਨੇ ਉਸ ਦੇ ਚਾਕੂ ਮਾਰ ਦਿੱਤਾ। ਇਸ ਕਾਰਨ ਵਧੇਰੇ ਖੂਨ ਵਹਿਣ ਕਰਕੇ ਉਸ ਦੀ ਹਾਲਤ ਗੰਭੀਰ ਬਣ ਗਈ।
ਭਾਵੇਂ ਕਿ ਉਸ ਨੂੰ ਜਲਦੀ ਹੀ ਹਸਪਤਾਲ ਵੀ ਪਹੁੰਚਾ ਦਿੱਤਾ ਸੀ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੂਜੇ ਪਾਸੇ ਇਲਾਕੇ ਦੇ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਅਮਰਬੀਰ ਸਿੰਘ ਚਾਹਲ ਦਾ ਕਹਿਣਾ ਸੀ ਕਿ ਇਸ ਸਬੰਧੀ ਸਮਾਣਾ ਰੋਡ ਦੇ ਸਥਿਤ ਨੇੜਲੇ ਪਿੰਡ ਪਸਿਆਣਾ ਦੇ ਵਸਨੀਕ ਅੰਸ਼, ਸਰਹਿੰਦ ਰੋਡ ’ਤੇ ਪੈਂਦੇ ਪਿੰਡ ਕਾਲਵਾ ਦੇ ਵਸਨੀਕ ਯੁਵਰਾਜ ਅਤੇ ਗਊਸ਼ਾਲਾ ਰੋਡ ਪਟਿਆਲਾ ਸ਼ਹਿਰ ਦੇ ਵਸਨੀਕ ਅਮਨਵੀਰ ਸਮੇਤ ਪੰਜ ਨੌਜਵਾਨਾਂ ਖਿਲਾਫ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।