ਕਰਨਾਲ –ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਨੀਲੋਖੇੜੀ ਨੇੜੇ ਅੱਜ ਯਾਤਰੀ ਰੇਲਗੱਡੀ ਦਾ ਇਕ ਡੱਬਾ ਲੀਹੋਂ ਲੱਥ ਗਿਆ। ਹਾਲਾਂਕਿ ਇਸ ਦੌਰਾਨ ਡੱਬੇ ਵਿਚ ਮੌਜੂਦ ਸਾਰੇ ਮੁਸਾਫ਼ਰ ਸੁਰੱਖਿਅਤ ਹਨ। ਯਾਤਰੀ ਰੇਲਗੱਡੀ ਕੁਰੂਕਸ਼ੇਤਰ ਤੋਂ ਦਿੱਲੀ ਜਾ ਰਹੀ ਸੀ। ਜੀਆਰਪੀ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਮੁਸਾਫ਼ਰ ਨੂੰ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ।
ਅਧਿਕਾਰੀ ਨੇ ਕਿਹਾ, ‘‘ਰੇਲਗੱਡੀ ਨੀਲੋਖੇੜੀ ਰੇਲਵੇ ਸਟੇਸ਼ਨ ’ਤੇ ਰੁਕਣ ਮਗਰੋਂ ਅਜੇ 100 ਮੀਟਰ ਹੀ ਅੱਗੇ ਗਈ ਸੀ ਕਿ ਰੇਲਗੱਡੀ ਦੇ ਪਿਛਲੇ ਪਾਸਿਓਂ ਚੌਥੇ ਡੱਬੇ ਦਾ ਮੂਹਰਲਾ ਹਿੱਸਾ ਲੀਹੋਂ ਲੱਥ ਗਿਆ। ਗੱਡੀ ਨੂੰ ਫੌਰੀ ਰੁਕਵਾਇਆ ਗਿਆ।’’ ਅਧਿਕਾਰੀ ਨੇ ਕਿਹਾ ਕਿ ਹਾਦਸੇ ਦਾ ਕਾਰਨ ਤਕਨੀਕੀ ਹੋ ਸਕਦਾ ਹੈ, ਪਰ ਰੇਲਵੇੇ ਦੀ ਟੀਮ ਹੀ ਅਸਲ ਕਾਰਨਾਂ ਬਾਰੇ ਦੱਸੇਗੀ ਤੇ ਜਾਂਚ ਜਾਰੀ ਹੈ। ਇਸ ਘਟਨਾ ਕਰਕੇ ਰੇਲ ਰੂਟ ’ਤੇ ਆਵਾਜਾਈ ਅਸਰਅੰਦਾਜ਼ ਹੋਈ ਤੇ ਜਿਸ ਨੂੰ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।