ਹੁਸ਼ਿਆਰਪੁਰ : ਐਤਵਾਰ ਸਵੇਰੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਰੇਲਵੇ ਫਾਟਕ ‘ਤੇ ਇਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮਨੋਹਰ ਲਾਲ (46) ਪੁੱਤਰ ਬੀਰੂ ਰਾਮ ਵਾਸੀ ਪਿੰਡ ਮਾਂਜੀ ਵਜੋਂ ਹੋਈ ਹੈ। ਸੂਚਨਾ ਮਿਲਣ ‘ਤੇ ਪੁੱਜੇ ਮਿ੍ਰਤਕ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਮਨੋਹਰ ਲਾਲ ਮਜ਼ਦੂਰੀ ਕਰਦਾ ਸੀ ਤੇ ਉਸ ਦੀ ਪਤਨੀ ਪਿਛਲੇ ਕਈ ਸਾਲਾਂ ਤੋਂ ਬਿਮਾਰ ਹੈ, ਜਿਸ ਕਾਰਨ ਮਨੋਹਰ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਐਤਵਾਰ ਨੂੰ ਖ਼ੁਦਕੁਸ਼ੀ ਕਰ ਲਈ। ਬਲਕਾਰ ਨੇ ਦੱਸਿਆ ਕਿ ਮਨੋਹਰ ਲਾਲ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਮੌਕੇ ‘ਤੇ ਪੁੱਜੇ ਜੀਆਰਪੀ ਚੌਕੀ ਇੰਚਾਰਜ ਏਐੱਸਆਈ ਹਰਦੀਪ ਸਿੰਘ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਹੈ।