Punjabi youngman suicide: ਮੋਗਾ ਦੇ ਪਿੰਡ ਧੱਲੇਕੇ ਤੋਂ ਕੈਨੇਡਾ ਗਏ ਬਲਜਿੰਦਰ ਸਿੰਘ ਵਿੱਕੀ (30) ਦੇ ਬੀਤੇ ਦਿਨੀਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਿਤਾ ਨਾਰਾਇਣ ਸਿੰਘ ਨੇ ਇਸ ਬਾਰੇ ਦੱਸਿਆ ਕਿ ਬਲਜਿੰਦਰ ਡੇਢ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉਹ ਇਕ ਚੰਗਾ ਕਾਰੋਬਾਰੀ ਸੀ। ਆਪਣੇ ਸੁਨਹਿਰੀ ਭਵਿੱਖ ਲਈ ਉਹ ਵਿਦੇਸ਼ ’ਚ ਹੀ ਰਹਿਣਾ ਚਾਹੁੰਦਾ ਸੀ। ਪਰਿਵਾਰ ਵਾਲਿਆਂ ਨੇ ਕੈਨੇਡਾ ਦੀ ਪੱਕੇ ਤੌਰ ’ਤੇ ਨਿਵਾਸੀ ਪੰਜਾਬੀ ਮੂਲ ਦੀ ਕੁੜੀ ਨਾਲ 24 ਦਸੰਬਰ 2017 ਨੂੰ ਉਸ ਦਾ ਵਿਆਹ ਕਰਵਾ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਕੁਝ ਸਮਾਂ ਜਦੋਂ ਉਹ ਭਾਰਤ ਵਿਚ ਰਹਿੰਦੇ ਸਨ ਤਾਂ ਉਨ੍ਹਾਂ ਦੀ ਚੰਗੀ ਬਣਦੀ ਰਹੀ, ਪਰ 6 ਨਵੰਬਰ 2018 ਨੂੰ ਵਿੱਕੀ ਆਪਣੀ ਪਤਨੀ ਕੋਲ ਸਹੁਰੇ ਘਰ ਰਹਿਣ ਲੱਗਾ। 5 ਮਹੀਨਿਆਂ ਬਾਅਦ ਦੋਵਾਂ ਦੀ ਆਪਸੀ ਤਕਰਾਰ ਦੌਰਾਨ ਸਹੁਰੇ ਪਰਿਵਾਰ ਨੇ ਦੋਵਾਂ ਦੀ ਆਪਸੀ ਗੱਲਬਾਤ ਦੀ ਬਜਾਏ ਕਥਿਤ ਤੌਰ ’ਤੇ ਕੁੜੀ ਦਾ ਸਾਥ ਦਿੰਦਿਆਂ ਵਿੱਕੀ ਨੂੰ ਘਰੋਂ ਕੱਢ ਦਿੱਤਾ। ਇਹੀ ਨਹੀਂ, ਉਨ੍ਹਾਂ ਨੇ ਉਸ ਦਾ ਪਾਸਪੋਰਟ ਅਤੇ ਪੀਆਰ ਕਾਰਡ ਵੀ ਨਹੀਂ ਦਿੱਤਾ। ਕੁਝ ਸਮੇਂ ਪਹਿਲਾਂ ਵਿੱਕੀ ਦੀ ਪਤਨੀ ਨੇ ਪਰਿਵਾਰ ਦੇ ਖਿਲਾਫ NRI ਥਾਣੇ ਵਿਚ ਆਨਲਾਈਨ ਸ਼ਿਕਾਇਤ ਦਿੱਤੀ, ਜੋ ਅਜੇ ਵੀ ਵਿਚਾਰ ਅਧੀਨ ਸੀ।
ਸ਼ਿਕਾਇਤ ਵਿਚ ਗੱਡੀ ਮੰਗਣ ਅਤੇ ਹੋਰ ਝੂਠੇ ਦੋਸ਼ ਲਗਾਏ ਗਏ ਸਨ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਲੜਕੀ ਲਈ ਮੋਗਾ ਜ਼ਿਲੇ ਨਾਲ ਸਬੰਧਤ ਇਕ ਗਾਇਕ ਵੱਲੋਂ ਪਰਿਵਾਰ ’ਤੇ ਰਾਜ਼ੀਨਾਮਾ ਲਈ ਦਬਾਅ ਬਣਾਉਂਦੇ ਹੋਏ 2 ਏਕੜ ਸ਼ਹਿਰੀ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਸੀ। ਜ਼ਮੀਨ ਨਾ ਦੇਣ ਦੀ ਸੂਰਤ ਵਿਚ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਸ ਕਾਰਨ ਵਿੱਕੀ ਸਮੇਤ ਪੂਰਾ ਪਰਿਵਾਰ ਚਿੰਤਿਤ ਹੈ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਵਿੱਕੀ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਆਪਣੇ ਪੁੱਤਰ ਦੀ ਮੌਤ ’ਤੇ ਰੋ-ਰੋ ਕੇ ਬੁਰਾ ਹਾਲ ਹੈ। ਵਿੱਕੀ ਦੇ ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂਚ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਦੇਸ਼ ਵਾਪਿਸ ਭੇਜਿਆ ਜਾਵੇ।