36.63 F
New York, US
February 23, 2025
PreetNama
ਸਮਾਜ/Social

ਪਰਵਾਸ ਪਿਛਲੇ ਅਵੱਲੇ ਕਾਰਨ

ਬਰਤਾਨੀਆ ਦੁਨੀਆ ਦਾ ਉਹ ਮੁਲਕ ਹੈ ਜਿਸ ਨੂੰ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਪਰਵਾਸ ਵਾਸਤੇ ਚੁਣਿਆ। ਇਸ ਦੇ ਕੁਝ ਖ਼ਾਸ ਕਾਰਨ ਹਨ ਜਿਨ੍ਹਾਂ ਬਾਰੇ ਸੰਖੇਪ ‘ਚ ਚਰਚਾ ਕਰਨ ਤੋਂ ਬਾਅਦ ਮੈਂ ਆਪਣੀ ਗੱਲ ਅੱਗੇ ਤੋਰਾਂਗਾ। ਬੇਸ਼ੱਕ ਪਹਿਲਾਂ-ਪਹਿਲ ਇੱਥੇ ਹਿੰਦੁਸਤਾਨ ‘ਚੋਂ ਅਮੀਰ ਤੇ ਰਈਸ ਲੋਕ ਸੈਰ-ਸਪਾਟੇ ਵਾਸਤੇ ਆਉਂਦੇ-ਜਾਂਦੇ ਰਹਿੰਦੇ ਸਨ ਜਾਂ ਫਿਰ ਉਨ੍ਹਾਂ ਦੇ ਬੱਚੇ ਉੱਚ ਵਿੱਦਿਆ ਵਾਸਤੇ ਆਉਂਦੇ ਸਨ ਤਾਂ ਕਿ ਅੰਗਰੇਜ਼ ਸਾਮਰਾਜ ‘ਚ ਆਹਲਾ ਦਰਜੇ ਦੀਆਂ ਨੌਕਰੀਆਂ ਪ੍ਰਾਪਤ ਕਰ ਸਕਣ। ਉਨ੍ਹਾਂ ਦਾ ਵਾਪਸ ਮੁੜਨਾ ਤੈਅ ਹੁੰਦਾ ਸੀ। ਵੀਜ਼ਾ ਐਂਟਰੀ ਕੋਈ ਨਹੀਂ ਸੀ। ਸਿਰਫ਼ ਜਹਾਜ਼ ਦਾ ਕਿਰਾਇਆ-ਭਾੜਾ ਹੀ ਖ਼ਰਚਣਾ ਪੈਂਦਾ ਸੀ। ਜੇ ਇੰਜ ਕਹਿ ਲਈਏ ਕਿ ਉਸ ਸਮੇਂ ਸਿਰਫ਼ ਆਉਂਦਕ-ਜਾਂਦਕ ਹੀ ਸੀ ਤਾਂ ਗ਼ਲਤ ਨਹੀਂ ਹੋਵੇਗਾ। ਪੰਜਾਬੀਆਂ ਦੇ ਪਰਵਾਸ ਦੀ ਸ਼ੁਰੂਆਤ 1904 ‘ਚ ਮਹਾਰਾਜਾ ਦਲੀਪ ਸਿੰਘ ਦੀ ਬਰਤਾਨੀਆ ਜਲਾਵਤਨੀ ਨਾਲ ਸ਼ੁਰੂ ਹੋਈ ਮੰਨੀ ਜਾ ਸਕਦੀ ਹੈ। ਦੂਜੀ ਸੰਸਾਰ ਜੰਗ ਵਿਚ ਅੰਗਰੇਜ਼ਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਜਿਸ ਨੇ ਬਰਤਾਨੀਆ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। 

ਸੰਨ 1947 ਜਿਸ ਨੂੰ ਆਜ਼ਾਦੀ ਕਹਿ ਕੇ ਪ੍ਰਚਾਰਿਆ ਗਿਆ ਤੇ ਅੱਜ ਤਕ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਦਰਅਸਲ ਉਹ ਹਿੰਦੁਸਤਾਨ ਦੀ ਖ਼ੂਨੀ ਵੰਡ ਸੀ ਜੋ ਪੰਜਾਬੀਆਂ ਦੀ ਬਰਬਾਦੀ ‘ਚੋਂ ਨਿਕਲੀ ਸੀ। ਸੰਸਾਰ ਦੀ ਇਸ ਸਭ ਤੋਂ ਵੱਡੀ ਖ਼ੂਨੀ ਹਨੇਰੀ ‘ਚ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ। ਮੁਲਕ ਦੇ ਦੋ ਟੋਟੇ ਹੋਏ ਤੇ ਦੋਵੇਂ ਆਰਥਿਕ ਪੱਖੋਂ ਕੰਗਾਲ ਸਿੱਧ ਹੋਏ। ਸੰਨ 1971 ‘ਚ ਬੰਗਲਾਦੇਸ਼ ਨਾਮ ਦਾ ਤੀਜਾ ਟੁਕੜਾ ਹੋਇਆ। ਖ਼ੈਰ! ਗੱਲ ਪੰਜਾਬੀਆਂ ਦੇ ਪਰਵਾਸ ਦੇ ਮੁੱਖ ਕਾਰਨਾਂ ਦੀ ਹੋ ਰਹੀ ਹੈ। ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਇਸ ਵੰਡ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਿਆ। ਜਿੱਥੇ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਕੱਢਣ ਵਾਸਤੇ ਉਨ੍ਹਾਂ 90 ਫ਼ੀਸਦੀ ਕੁਰਬਾਨੀਆਂ ਦਿੱਤੀਆਂ ਉੱਥੇ ਹੀ ਵੰਡ ਦੌਰਾਨ 50 ਲੱਖ ਦਾ ਉਜਾੜਾ, 10 ਲੱਖ ਦਾ ਜਾਨੀ ਨੁਕਸਾਨ ਤੇ 33 ਹਜ਼ਾਰ ਔਰਤਾਂ ਦਾ ਉਧਾਲਾ ਹੰਢਾਉਣ ਦੇ ਨਾਲ-ਨਾਲ ਆਰਥਿਕ ਦੀਵਾਲੀਏਪਣ ਦਾ ਵੀ ਸਾਹਮਣਾ ਕੀਤਾ। ਪੰਜਾਬ ਸਰਹੱਦੀ ਸੂਬਾ ਬਣ ਜਾਣ ਕਾਰਨ ਇੱਥੇ ਉਦਯੋਗਿਕ ਵਿਕਾਸ ਦੀ ਅਧੋਗਤੀ ਹੋਈ। ਸੰਨ 1947 ਦੇ ਉਜਾੜੇ ਤੋਂ ਬਾਅਦ ਸਰਹੱਦ ਪਾਰੋਂ ਆਉਣ ਵਾਲੇ ਕਿਸਾਨਾਂ ਦਾ ਮੁੜ ਵਸੇਬਾ ਸਹੀ ਢੰਗ ਨਾਲ ਨਹੀਂ ਹੋ ਸਕਿਆ। ਉਹ ਲੱਖੋਂ ਕੱਖ ਦੇ ਹੋ ਕੇ ਆਏ ਅਤੇ ਬਹੁਤੇ ਮੁੜ ਕਦੇ ਵੀ ਪੈਰੀਂ ਨਾ ਹੋ ਸਕੇ। ਸੰਨ 1947 ਤੋਂ ਪਹਿਲਾਂ ਅੰਗਰੇਜ਼ ਸਾਮਰਾਜ ਦੀ ਫ਼ੌਜ ‘ਚ ਜਿੱਥੇ ਪੰਜਾਬੀਆਂ ਦੀ ਨਫਰੀ 20 ਫ਼ੀਸਦੀ ਹੁੰਦੀ ਸੀ ਉੱਥੇ ਬਾਅਦ ‘ਚ ਦੋ ਫ਼ੀਸਦੀ ਤੋਂ ਵੀ ਘਟਾ ਕੇ ਇਕ ਜਾਂ ਡੇਢ ਫ਼ੀਸਦੀ ਕਰ ਦਿੱਤੀ ਗਈ। ਆਜ਼ਾਦੀ ਤੋਂ ਬਾਅਦ ਪੰਜਾਬ ਹਮੇਸ਼ਾ ਹੀ ਸਿਆਸੀ ਉਥਲ-ਪੁਥਲ ਦਾ ਸ਼ਿਕਾਰ ਰਿਹਾ। ਨਿੱਤ ਨਵੇਂ ਮੋਰਚੇ, ਧਰਨੇ ਤੇ ਮੁਜ਼ਾਹਰਿਆਂ ਦੇ ਨਾਲ-ਨਾਲ ਘਟੀਆ ਸਰਕਾਰੀ ਨੀਤੀਆਂ ਘੜੀਆਂ ਅਤੇ ਲਾਗੂ ਕੀਤੀਆਂ ਜਾਂਦੀਆਂ ਰਹੀਆਂ। ਅੱਜ ਤਕ ਹਿੰਦੁਸਤਾਨ ਦੀ ਵੰਡ ਦਾ ਭਾਂਡਾ ਅੰਗਰੇਜ਼ਾਂ ਸਿਰ ਭੰਨਿਆ ਜਾਂਦਾ ਰਿਹਾ ਹੈ ਜਦਕਿ ਤਲਖ਼ ਹਕੀਕਤ ਇਹ ਹੈ ਕਿ ਹਿੰਦੁਸਤਾਨ ਦੀ ਵੰਡ ਵਾਸਤੇ ਜ਼ਿੰਮੇਵਾਰ ਉਸ ਵੇਲੇ ਦੀ ਹਿੰਦੂ, ਸਿੱਖ ਤੇ ਮੁਸਲਿਮ ਲੀਡਰਸ਼ਿਪ ਸੀ ਜਿਸ ਨੇ ਹਰ ਸਿਆਸੀ ਫ਼ੈਸਲਾ ਕਰਨ ਵਾਸਤੇ ਮਜ਼੍ਹਬੀ ਐਨਕ ਲਾਈ ਅਤੇ ਅੰਗਰੇਜ਼ ਸਾਮਰਾਜੀਆਂ ਨੂੰ ਵੰਡ ਵਾਸਤੇ ਮਜ਼੍ਹਬੀ ਰੰਗਤ ਵਾਲੇ ਮਸੌਦੇ ਸੌਂਪੇ।

ਅੰਗਰੇਜ਼ ਬੇਸ਼ੱਕ ਵੰਡ ਤੋਂ ਬਾਅਦ ਵਾਪਸ ਬਰਤਾਨੀਆ ਚਲੇ ਗਏ ਪਰ ਇਕ ਗੱਲ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਕਿ ਵੰਡ ਦੇ ਦਰਦ ਨਾਲ ਭੰਨੇ ਤੇ ਕੰਗਾਲ ਹੋਏ ਪੰਜਾਬੀਆਂ ਦੀ ਜੇ ਕਿਸੇ ਨੇ ਬਾਂਹ ਫੜੀ ਤਾਂ ਉਹ ਅੰਗਰੇਜ਼ ਸਨ ਜਿਨ੍ਹਾਂ ਦਾ ਰਾਜ ਹਿੰਦੁਸਤਾਨੀਆਂ ਨੂੰ ਨਹੀਂ ਸੀ ਭਾਉਂਦਾ। ਸੰਨ 1947 ਤੋਂ ਬਾਅਦ ਪੰਜਾਬ ਦਾ ਜੋ ਹਾਲ ਕੀਤਾ ਜਾਂ ਕਹਿ ਲਵੋ ਕਿ ਕਰਵਾਇਆ ਗਿਆ ਤੇ ਅਜੇ ਵੀ ਹੋ ਰਿਹਾ ਹੈ, ਉਸ ਬਾਰੇ ਦੇਖ-ਸੋਚ ਕੇ ਬਹੁਤੇ ਪੰਜਾਬੀ ਆਪਣੇ ਸੁਨਹਿਰੀ ਭਵਿੱਖ ਲਈ ਪੰਜਾਬ ਤੋਂ ਕਿਸੇ ਅਜਿਹੀ ਜ੍ਹਗਾ ਵੱਲ ਪਰਵਾਸ ਕਰਨ ਦੀ ਸੋਚ ਰਹੇ ਹਨ ਜਿੱਥੇ ਉਨ੍ਹਾਂ ਦਾ ਅਤੇ ਉਨ੍ਹਾਂ ਦੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋਵੇ। ਪੰਜਾਬੀਆਂ ਨੂੰ ਪਰਵਾਸ ਵਾਸਤੇ ਜਿਹੜੇ ਕਾਰਨਾਂ ਨੇ ਮਜਬੂਰ ਕੀਤਾ ਹੈ ਉਨ੍ਹਾਂ ‘ਚੋਂ ਮੁੱਖ ਹਨ ਪੰਜਾਬ ‘ਚ ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ, ਵਧ ਰਹੀ ਆਬਾਦੀ, ਪੀੜ੍ਹੀ ਦਰ ਪੀੜ੍ਹੀ ਵਾਹੀਯੋਗ ਜ਼ਮੀਨ ਦੀ ਵੰਡ, ਪੰਜਾਬ ਦਾ ਸਰਹੱਦੀ ਰਾਜ ਹੋਣਾ, ਰਾਜਨੀਤਕ, ਆਰਥਿਕ ਤੇ ਸਮਾਜਿਕ ਅਸਥਿਰਤਾ, ਮੌਜੂਦਾ ਆਰਥਿਕ ਕਾਣੀ ਵੰਡ, ਉਦਯੋਗਿਕ ਅਧੋਗਤੀ, ਹਰ ਤਰ੍ਹਾਂ ਦਾ ਭ੍ਰਿਸ਼ਟ-ਤੰਤਰ, ਗ਼ਲਤ ਵਿੱਦਿਅਕ ਨੀਤੀਆਂ, ਸਮਾਜਿਕ ਸਹੂਲਤਾਂ ਦੀ ਅਣਹੋਂਦ, ਪੌਣ-ਪਾਣੀ ਪ੍ਰਦੂਸ਼ਣ, ਨਸ਼ਿਆਂ ਦਾ ਤਾਂਡਵ ਅਤੇ ਅਸੁਰੱਖਿਅਤ ਜੀਵਨ ਆਦਿ। ਇਸ ਤੋਂ ਇਲਾਵਾ ਕੁਝ ਹੋਰ ਕਾਰਨ ਵੀ ਹਨ ਜਿਹੜੇ ਪੰਜਾਬੀਆਂ ਵਾਸਤੇ ਪਰਵਾਸ ਦਾ ਕਾਰਨ ਬਣੇ ਜਿਵੇਂ ਕਿ ਸ਼ਾਂਤਮਈ ਸਮਾਜਿਕ ਵਾਤਾਵਰਨ, ਢੁੱਕਵੇਂ ਰੁਜ਼ਗਾਰ ਦੀ ਸਹੂਲਤ ਤੇ ਬੇਰੁਜ਼ਗਾਰੀ ਦੀ ਹਾਲਤ ‘ਚ ਢੁੱਕਵਾਂ ਭੱਤਾ ਅਤੇ ਨੌਕਰੀ ਲੱਭਣ ‘ਚ ਸਰਕਾਰੀ ਸਹਾਇਤਾ, ਸਾਫ਼-ਸੁਥਰਾ ਤੇ ਭ੍ਰਿਸ਼ਟਾਚਾਰ ਰਹਿਤ ਆਲਾ-ਦੁਆਲਾ, ਸਾਫ਼-ਸੁਥਰਾ ਕੁਦਰਤੀ ਵਾਤਾਵਰਨ, ਉੱਤਮ ਦਰਜੇ ਦਾ ਆਵਾਜਾਈ ਪ੍ਰਬੰਧ, ਜੀਵਨ ਸੁਰੱਖਿਆ ਦੀ ਗਾਰੰਟੀ ਆਦਿ।

ਇਸ ਤੋਂ ਇਲਾਵਾ ਸਭਨਾਂ ਵਾਸਤੇ ਕਾਨੂੰਨ ਦੀ ਇਕਸਾਰਤਾ, ਉੱਚ ਦਰਜੇ ਦੀਆਂ ਜੀਵਨ ਸਹੂਲਤਾਂ, ਬੁਢਾਪੇ ‘ਚ ਦੇਖਭਾਲ਼ ਦਾ ਖ਼ਾਸ ਪ੍ਰਬੰਧ, ਚੰਗੀਆਂ ਸਿਹਤ-ਸਹੂਲਤਾਂ, ਵਧੀਆ ਸਮਾਜਿਕ ਜੀਵਨ ਦੀ ਗਾਰੰਟੀ, ਕੁਦਰਤੀ ਆਫ਼ਤਾਂ ਤੋਂ ਬਚਾਅ ਦੇ ਪੁਖ਼ਤਾ ਪ੍ਰਬੰਧ ਅਤੇ ਇਨ੍ਹਾਂ ਕਾਰਨ ਕਿਸੇ ਨੁਕਸਾਨ ਦੀ ਸੂਰਤ ‘ਚ ਸਰਕਾਰ ਅਤੇ ਬੀਮਾ ਕੰਪਨੀਆਂ ਵੱਲੋਂ ਭਰਪਾਈ ਦੀਆਂ ਉੱਤਮ ਤੇ ਖੱਜਲ-ਖ਼ਰਾਬੀ ਮੁਕਤ ਯੋਜਨਾਵਾਂ ਨੇ ਪੰਜਾਬੀਆਂ ਨੂੰ ਪਰਵਾਸ ਲਈ ਖਿੱਚਿਆ। ਮੁੱਕਦੀ ਗੱਲ ਇਹ ਕਿ ਪੰਜਾਬ ਇਸ ਵੇਲੇ ਚਿੜੀ ਦੇ ਪਹੁੰਚੇ ਜਿੱਡਾ ਵੀ ਨਹੀਂ ਰਹਿ ਗਿਆ ਪਰ ਇਸ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਹੈ। ਜੋ ਪੰਜਾਬ ਹਰ ਗ਼ਰੀਬ-ਗੁਰਬੇ ਨੂੰ ਰਾਹਤ ਦਿੰਦਾ ਸੀ ਅੱਜ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਦਾਰ ਹੈ। ਪੰਜਾਬ ‘ਚ ਜਨਮ ਲੈਣ ਵਾਲਾ ਹਰ ਬੱਚਾ ਲਗਪਗ ਇਕ ਲੱਖ ਰੁਪਏ ਦਾ ਕਰਜ਼ਾਈ ਹੁੰਦਾ ਹੈ। ਦੁੱਧ ਦੀ ਰਾਖੀ ਬਾਘੜ-ਬਿੱਲੇ ਬਿਠਾਏ ਹੋਏ ਹੋਣ ਤਾਂ ਫਿਰ ਅਜਿਹਾ ਵਰਤਾਰਾ ਹੈਰਾਨੀਜਨਕ ਨਹੀਂ ਹੁੰਦਾ। ਇਹ ਪੰਜਾਬ ਵਾਸੀਆਂ ਨੇ ਸੋਚਣਾ ਹੈ ਕਿ ਵਤਨੋਂ ਬੇਵਤਨ ਹੋਣਾ ਹੈ ਜਾਂ ਫਿਰ ਸਹੀ ਲੋਕਾਂ ਨੂੰ ਵਾਗਡੋਰ ਸੰਭਾਲ਼ ਕੇ ਪੰਜਾਬ ‘ਚ ਹੀ ਅਜਿਹਾ ਉੱਨਤ ਢਾਂਚਾ ਵਿਕਸਤ ਕਰਨਾ ਹੈ। ਏਜੰਟ ਪੈਸੇ ਕਮਾਉਣ ਵਾਸਤੇ ਜੋ ਮਰਜ਼ੀ ਸਬਜ਼ਬਾਗ ਦਿਖਾਉਣ ਪਰ ਤਲਖ਼ ਹਕੀਕਤ ਇਹੋ ਹੈ ਕਿ ਵਿਦੇਸ਼ਾਂ ‘ਚ ਜੀਵਨ ਬਹੁਤ ਔਖਾ ਹੈ ਅਤੇ ਦੁਸ਼ਵਾਰ ਵੀ। ਵਿਦੇਸ਼ ਜਾਣ ਬਾਰੇ ਸੋਚਣ ਤੋਂ ਪਹਿਲਾਂ ਆਪਣੇ ਪਿੰਡ ਦੇ ਦੂਸਰੇ ਮਹੱਲੇ ‘ਚ ਜਾਂ ਫਿਰ ਕਿਸੇ ਹੋਰ ਪਿੰਡ ‘ਚ ਕੁਝ ਸਮਾਂ ਗੁਜ਼ਾਰੋ। ਇੰਜ ਕਰਨ ਨਾਲ ਦੂਸਰੀ ਜਗ੍ਹਾ ਜਾ ਕੇ ਵਸਣ ਸਬੰਧੀ ਦਰਪੇਸ਼ ਔਕੜਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Related posts

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ‘ਆਪ’ ਸਰਕਾਰ ਦੀ ਦ੍ਰਿੜ੍ਹਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਨਸ਼ਾ ਵਿਰੋਧੀ ਹੈਲਪਲਾਈਨ ਅਤੇ ਵਟਸਐਪ ਚੈਟਬੋਟ (97791-00200) ਦੀ ਵੀ ਸ਼ੁਰੂਆਤ ਕੀਤੀ। ਇਹ ਸੈੱਲ ਸੈਕਟਰ-79 ਸਥਿਤ ਸੋਹਾਣਾ ਥਾਣੇ ਦੀ ਦੂਜੀ ਮੰਜ਼ਿਲ ’ਤੇ ਕੰਮ ਕਰੇਗਾ। ਹਾਲ ਹੀ ’ਚ 90 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ੍ਹ ਹੈ। ਇਸੇ ਤਹਿਤ ਮੌਜੂਦਾ ਵਿਸ਼ੇਸ਼ ਟਾਸਕ ਫੋਰਸ ਦੀ ਬਜਾਏ ‘ਅਪੈਕਸ ਸਟੇਟ ਲੈਵਲ ਡਰੱਗ ਲਾਅ ਐਨਫੋਰਸਮੈਂਟ ਯੂਨਿਟ’ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਜੋਂ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਆਮ ਨਾਗਰਿਕਾਂ ਤੇ ਨਸ਼ਾ ਪੀੜਤਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦੇਵੇਗੀ ਤੇ ਨਸ਼ਾ ਛੱਡਣ ਵਾਲਿਆਂ ਲਈ ਡਾਕਟਰੀ ਸਹਾਇਤਾ ਯਕੀਨੀ ਬਣਾਏਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਾਲ ਜ਼ਮੀਨੀ ਪੱਧਰ ’ਤੇ ਨਸ਼ਾ ਤਸਕਰੀ ਰੋਕਣ ਤੇ ਇਸ ਘਿਣਾਉਣੇ ਅਪਰਾਧ ’ਚ ਸ਼ਾਮਲ ਵੱਡੀਆਂ ਮੱਛੀਆਂ ਦੀ ਸ਼ਨਾਖਤ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ, ‘‘ਟਾਸਕ ਫੋਰਸ ਸਿਰਫ਼ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਹੀ ਨਹੀਂ ਹੋਵੇਗੀ, ਸਗੋਂ ਇਸ ਨਵੀਂ ਵਿਸ਼ੇਸ਼ ਫੋਰਸ ਨੂੰ ਨਸ਼ਿਆਂ ਦੀ ਅਲਾਮਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਾਧੂ ਮੁਲਾਜ਼ਮ, ਸਾਧਨਾਂ ਅਤੇ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਏਐੱਨਟੀਐੱਫ਼ ਦੇ ਮੌਜੂਦਾ ਮੁਲਾਜ਼ਮਾਂ ਦੀ ਗਿਣਤੀ 400 ਤੋਂ ਵਧਾ ਕੇ 861 ਕੀਤੀ ਜਾ ਰਹੀ ਹੈ ਤੇ ਫੋਰਸ ਨੂੰ 14 ਨਵੀਆਂ ਮਹਿੰਦਰਾ ਸਕਾਰਪੀਓ ਗੱਡੀਆਂ ਵੀ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ, ‘‘ਏਐੱਨਟੀਐੱਫ਼ ਨੂੰ ਮੁਹਾਲੀ ’ਚ ਆਪਣਾ ਹੈੱਡਕੁਆਰਟਰ ਬਣਾਉਣ ਲਈ ਇੱਕ ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਐਨਫੋਰਸਮੈਂਟ-ਨਸ਼ਾ ਮੁਕਤੀ ਰੋਕਥਾਮ ਰਣਨੀਤੀ ਲਾਗੂ ਕਰਨ ਲਈ ਪੰਜਾਬ ਸਟੇਟ ਕੈਂਸਰ ਅਤੇ ਡੀ-ਅਡਿੱਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਫੰਡ ’ਚੋਂ 10 ਕਰੋੜ ਰੁਪਏ ਏਐੱਨਟੀਐੱਫ਼ ਲਈ ਮਨਜ਼ੂਰ ਕੀਤੇ ਜਾਣਗੇ।’’ ਇਸ ਦੌਰਾਨ ਮੁੱਖ ਮੰਤਰੀ ਨੇ ਖੰਨਾ ਬੇਅਦਬੀ ਕਾਂਡ ਅਤੇ ਅੰਮ੍ਰਿਤਸਰ ਵਿੱਚ ਐੱਨਆਰਆਈ ’ਤੇ ਹੋਏ ਹਮਲੇ ਦੇ ਮਾਮਲਿਆਂ ਪੰਜਾਬ ਪੁਲੀਸ ਦੀਆਂ ਫੌਰੀ ਕਾਰਵਾਈਆਂ ਦੀ ਸ਼ਲਾਘਾ ਕੀਤੀ। ਕੰਗਨਾ ਰਣੌਤ ਨੂੰ ਜ਼ਾਬਤੇ ’ਚ ਰੱਖੇ ਭਾਜਪਾ ਮੁਹਾਲੀ: ਭਾਜਪਾ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਤੇ ਉਸ ਵੱਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਆਪਣੇ ‘ਵਿਵਾਦਤ’ ਸੰਸਦ ਮੈਂਬਰਾਂ ਨੂੰ ਜ਼ਾਬਤੇ ’ਚ ਰੱਖਣ ਲਈ ਆਖਿਆ ਹੈ। ਮਾਨ ਕਿਹਾ, ‘‘ਕੰਗਨਾ ਕਥਿਤ ਹੋਛੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੀ ਹੈ। ਉਹ ਮੰਡੀ ਹਲਕੇ (ਹਿਮਾਚਲ ਪ੍ਰਦੇਸ਼) ਦੇ ਲੋਕਾਂ ਦੀ ਭਲਾਈ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਬੇਬੁਨਿਆਦ ਬਿਆਨਾਂ ਰਾਹੀਂ ਪੰਜਾਬੀਆਂ ਖਾਸਕਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਅਜਿਹੇ ਆਗੂਆਂ ਨੂੰ ਸਮਾਜ ’ਚ ਕਥਿਤ ਜ਼ਹਿਰ ਫੈਲਾਉਣ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਭਗਵਾ ਪਾਰਟੀ ਸਿਰਫ਼ ਇੰਨਾ ਕਹਿ ਕੇ ‘‘ਇਹ ਸੰਸਦ ਮੈਂਬਰਾਂ ਦੇ ਨਿੱਜੀ ਵਿਚਾਰ ਹਨ’’, ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।

On Punjab

ਪੰਜਾਬ ਤੇ ਹਰਿਆਣਾ ਸਣੇ 14 ਸੂਬਿਆਂ ‘ਚ CBI ਦੇ 169 ਛਾਪੇ

On Punjab

ਵੰਦੇ ਭਾਰਤ ਨੇ ਜੰਮੂ-ਕਸ਼ਮੀਰ ’ਚ world’s highest rail bridge ਤੋਂ ਅਜ਼ਮਾਇਸ਼ੀ ਸਫ਼ਰ ਪੂਰਾ ਕੀਤਾ

On Punjab