Shimla heavy snowfall: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਸ਼ੁੱਕਰਵਾਰ ਤੋਂ ਹੀ ਬਰਫਬਾਰੀ ਦਾ ਦੌਰ ਜਾਰੀ ਹੈ । ਜਿਸ ਕਾਰਨ ਸੂਬੇ ਵਿੱਚ ਠੰਡ ਦਾ ਪ੍ਰਕੋਪ ਬਹੁਤ ਜ਼ਿਆਦਾ ਵੱਧ ਗਿਆ ਹੈ । ਇਹ ਬਰਫ਼ਬਾਰੀ ਸੂਬੇ ਦੇ ਲਾਹੌਲ ਸਪਿਤੀ, ਕਿੰਨੌਰ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੇ ਉਪਰਲੇ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਹੈ । ਬਰਫ਼ਬਾਰੀ ਦੇ ਨਾਲ ਸ਼ਿਮਲਾ ਸਮੇਤ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਬਾਰਿਸ਼ ਵੀ ਹੋਈ ਹੈ ।
ਇਸ ਵਿੱਚ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਬਾਇਲੀ ਖੇਤਰ ਗੋਂਦਲਾ ਵਿੱਚ 15 ਅਤੇ ਕੇਲਾਂਗ ਵਿੱਚ 2 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ । ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਰੋਹਤਾਂਗ ਦੱਰਾ ਆਵਾਜਾਈ ਲਈ ਬੰਦ ਹੋ ਗਿਆ ਹੈ । ਉਥੇ ਹੀ ਸ਼ਨੀਵਾਰ ਨੂੰ ਇਥੋਂ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕਲਪਾ ਵਿੱਚ 3.3, ਮਨਾਲੀ ਵਿਚ 3.6, ਡਲਹੌਜ਼ੀ ਵਿਚ 4.6, ਕੁਫਰੀ ਚ 5.8, ਧਰਮਸ਼ਾਲਾ ਵਿੱਚ 8, ਸ਼ਿਮਲਾ ਵਿੱਚ 10.4, ਸੋਲਨ ਵਿੱਚ 10.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ ।
ਸ਼ਿਮਲਾ ਦੇ ਮੌਸਮ ਵਿਗਿਆਨ ਵੱਲੋਂ ਭਵਿੱਖਵਾਣੀ ਕੀਤੀ ਗਈ ਹੈ ਕਿ ਰਾਜ ਵਿੱਚ 25 ਤੇ 26 ਨਵੰਬਰ ਨੂੰ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ । ਉੱਥੇ, ਹੀ ਇਸ ਸਬੰਧੀ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਤਬਦੀਲੀ ਆਈ ਹੈ, ਪਰ ਅਗਲੇ 24 ਘੰਟਿਆਂ ਦੌਰਾਨ ਮੌਸਮ ਦੇ ਸਾਫ ਰਹਿਣ ਦੀ ਉਮੀਦ ਹੈ ।