Isro chief statement on vikram lander: ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਮੰਗਲਵਾਰ ਨੂੰ ਚੰਦਰਮਾ ‘ਤੇ ਭਾਰਤ ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਇਸੇ ਦਾਅਵੇ ਦੇ ਚਲਦਿਆਂ ਨਾਸਾ ਵੱਲੋਂ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਸੀ । ਪਰ ਇਸ ਬਾਰੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਕੇ. ਸੀਵਨ ਨੇ ਕਿਹਾ ਹੈ ਕਿ isro ਦੇ ਖ਼ੁਦ ਦੇ ਆਰਬਿਟਰ ਵੱਲੋਂ ਸਭ ਤੋਂ ਪਹਿਲਾਂ ਲੈਂਡਰ ਵਿਕਰਮ ਦਾ ਮਲਬਾ ਲੱਭ ਲਿਆ ਗਿਆ ਸੀ ।
ਇਸ ਤੋਂ ਇਲਾਵਾ ਸੀਵਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਦਾ ਐਲਾਨ ਇਸਰੋ ਦੀ ਵੈੱਬਸਾਈਟ ’ਤੇ ਕਰ ਦਿੱਤਾ ਗਿਆ ਸੀ । ਜ਼ਿਕਰਯੋਗ ਹੈ ਕਿ 7 ਸਤੰਬਰ ਨੂੰ ਚੰਦਰਮਾ ‘ਤੇ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਇਸਰੋ ਦਾ ਸੰਪਰਕ ਵਿਕਰਮ ਲੈਂਡਰ ਨਾਲੋਂ ਟੁੱਟ ਗਿਆ ਸੀ । ਦੱਸ ਦੇਈਏ ਕਿ ਨਾਸਾ ਵੱਲੋਂ ਆਪਣੇ ਲੂਨਰ ਰੀਕਨਸਾਇੰਸ ਆਰਬਿਟਰ (LRO) ਤੋਂ ਲਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ।
ਜਿਸ ਵਿੱਚ ਵਿਕਰਮ ਦੇ ਚੰਦਰਮਾ ਦੀ ਸਤ੍ਹਾ ਨਾਲ ਟਕਰਾਉਣ ਦੀ ਥਾਂ ‘ਤੇ ਕਈ ਕਿਲੋਮੀਟਰ ਦੂਰ ਤੱਕ ਉਸ ਦਾ ਮਲਬਾ ਖਿੰਡਿਆ ਹੋਇਆ ਦਿਖਾਇਆ ਗਿਆ । ਨਾਸਾ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿਚ ਹਰੇ ਰੰਗ ਦੇ ਨੁਕਤਿਆਂ ਲਾਲ ਵਿਕਰਮ ਲੈਂਡਰ ਦਾ ਮਲਬਾ ਦਰਸਾਇਆ ਗਿਆ ਹੈ ਤੇ ਨੀਲੇ ਰੰਗ ਦੇ ਨੁਕਤਿਆਂ ਰਾਹੀਂ ਚੰਦਰਮਾ ਦੀ ਸਤ੍ਹਾ ਵਿਚ ਕ੍ਰੈਸ਼ ਤੋਂ ਬਾਅਦ ਆਏ ਫ਼ਰਕ ਨੂੰ ਵਿਖਾਇਆ ਗਿਆ ਹੈ ।
ਇਸ ਸਬੰਧੀ ਨਾਸਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਵੱਲੋਂ 26 ਸਤੰਬਰ ਨੂੰ ਇੱਕ ਮੋਜ਼ੇਕ ਤਸਵੀਰ ਜਾਰੀ ਕਰ ਕੇ ਲੋਕਾਂ ਨੂੰ ਵਿਕਰਮ ਲੈਂਡਰ ਦੇ ਸੰਕੇਤ ਲੱਭਣ ਲਈ ਸੱਦਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸ਼ਾਨਮੁਗਾ ਸੁਬਰਾਮਨੀਅਮ ਨਾਮ ਦੇ ਇੱਕ ਵਿਅਕਤੀ ਵੱਲੋਂ ਮਲਬੇ ਦੀ ਸਹੀ ਪਹਿਚਾਣ ਨਾਲ ਐੱਲਆਰਓ ਪ੍ਰੋਜੈਕਟ ਨਾਲ ਸੰਪਰਕ ਕੀਤਾ ਗਿਆ ਸੀ ।