kaneria celebrated mahashivratri: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਦਾਨਿਸ਼ ਕਨੇਰੀਆ ਧਾਰਮਿਕ ਭੇਦਭਾਵ ਦੀਆਂ ਖਬਰਾਂ ਤੋਂ ਬਾਅਦ ਹਾਲ ਹੀ ਵਿੱਚ ਸੁਰਖੀਆਂ ਵਿੱਚ ਆਇਆ ਸੀ। ਉਸ ਨੇ ਪਾਕਿਸਤਾਨ ਕ੍ਰਿਕਟ ਬੋਰਡ ਸਮੇਤ ਆਪਣੇ ਦੇਸ਼ ਦੇ ਸਾਥੀ ਖਿਡਾਰੀਆਂ ‘ਤੇ ਵਿਤਕਰੇ ਦਾ ਦੋਸ਼ ਲਾਇਆ ਸੀ। ਕਨੇਰੀਆ ਨੇ ਕਿਹਾ ਕਿ ਉਸ ਨਾਲ ਧਰਮ ਦੇ ਅਧਾਰ ‘ਤੇ ਵਿਤਕਰਾ ਕੀਤਾ ਗਿਆ ਸੀ। ਹੁਣ ਉਹ ਇਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਸ ਨੇ ਮਹਾਸ਼ਿਵਰਾਤਰੀ ਦੇ ਦਿਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਦਾਨਿਸ਼ ਕਨੇਰੀਆ ਨੇ ਕਰਾਚੀ ਵਿੱਚ ਮਹਾਸ਼ਿਵਰਾਤਰੀ ਮਨਾਈ। ਉਹ ਕਰਾਚੀ ਦੇ ਸ਼੍ਰੀ ਰਤਨੇਸ਼ਵਰ ਮਹਾਦੇਵ ਮੰਦਰ ਨੂੰ ਦੇਖਣ ਗਿਆ ਅਤੇ ਇਸ ਦੀ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ। ਵੀਡੀਓ ਨੂੰ ਸਾਂਝਾ ਕਰਦੇ ਹੋਏ ਕਨੇਰੀਆ ਨੇ ਲਿਖਿਆ ਕਿ “ਉਹ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਕਰਾਚੀ ਦੇ ਸ਼੍ਰੀ ਰਤਨੇਸ਼ਵਰ ਮਹਾਦੇਵ ਮੰਦਿਰ ਗਿਆ ਸੀ। ਭਗਵਾਨ ਮਹਾਦੇਵ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਣ, ਹਰਿ ਹਰ ਮਹਾਦੇਵ।” ਸਪਾਟ ਫਿਕਸਿੰਗ ਕਾਰਨ ਕਨੇਰੀਆ 2012 ਤੋਂ ਉਮਰ ਭਰ ਦੀ ਪਬੰਦੀ ਦਾ ਸਾਹਮਣਾ ਕਰ ਰਹੇ ਹਨ।
ਕਨੇਰੀਆ ਨੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਰਾਹੀਂ ਸਨਸਨੀਖੇਜ਼ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਟੀਮ ਵਿੱਚ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਮੈਚ ਫਿਕਸ ਕਰਕੇ ਦੇਸ਼ ਨੂੰ ਵੇਚ ਦਿੱਤਾ ਸੀ, ਪਰ ਪੀਸੀਬੀ ਨੇ ਉਨ੍ਹਾਂ ਦਾ ਵਾਪਿਸ ਸਵਾਗਤ ਕੀਤਾ ਸੀ। ਦਾਨਿਸ਼ ਨੇ ਕਿਹਾ ਸੀ ਕਿ ਉਸ ਨੇ ਕਦੇ ਆਪਣੇ ਦੇਸ਼ ਨੂੰ ਪੈਸੇ ਲਈ ਨਹੀਂ ਵੇਚਿਆ ਹੈ। ਪਾਕਿਸਤਾਨ ਦੇ 67 ਸਾਲਾ ਕ੍ਰਿਕਟ ਇਤਿਹਾਸ ਵਿੱਚ ਹੁਣ ਤੱਕ ਸਿਰਫ ਦੋ ਹਿੰਦੂ ਕ੍ਰਿਕਟਰ ਖੇਡੇ ਹਨ। ਅਨਿਲ ਦਲਪਤ ਕਨੇਰੀਆ ਤੋਂ ਪਹਿਲਾਂ ਪਾਕਿ ਟੀਮ ਵਿੱਚ ਖੇਡਣ ਵਾਲਾ ਪਹਿਲਾ ਹਿੰਦੂ ਖਿਡਾਰੀ ਸੀ। ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਦਸੰਬਰ ਵਿੱਚ ਸ਼ੋਏਬ ਅਖਤਰ ਨੇ ਆਪਣੀ ਹੀ ਟੀਮ ਦੇ ਖਿਡਾਰੀਆਂ ‘ਤੇ ਵੱਡਾ ਦੋਸ਼ ਲਗਉਂਦਿਆ ਕਿਹਾ ਸੀ ਕਿ ਟੀਮ ਦੇ ਜ਼ਿਆਦਾਤਰ ਖਿਡਾਰੀ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਨਾਲ ਖਾਣਾ-ਪੀਣਾ ਪਸੰਦ ਨਹੀਂ ਕਰਦੇ ਸਨ। ਦਾਨਿਸ਼ ਕਨੇਰੀਆ ਦੁਆਰਾ ਵੀ ਇਸ ਦੀ ਪੁਸ਼ਟੀ ਕੀਤੀ ਗਈ ਸੀ।