ਅਮਰੀਕਾ ਦੀ ਸੰਸਦ ’ਚ ਮਲਾਲਾ ਯੂਸੁਫ਼ਜ਼ਈ ਸਕਾਲਰਸ਼ਿਪ ਐਕਟ ਨੂੰ ਪਾਸ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸਦੇ ਰਾਹੀਂ ਉੱਚ ਸਿੱਖਿਆ ਪਾਉਣ ’ਚ ਪਾਕਿਸਤਾਨੀ ਔਰਤਾਂ ਨੂੰ ਮਦਦ ਮਿਲੇਗੀ ਕਿਉਂਕਿ ਐਕਟ ਤਹਿਤ ਮਿਲਣ ਵਾਲੀ ਸਕਾਲਰਸ਼ਿਪ ਦੀ ਸੰਖਿਆ ਨੂੰ ਵਧਾਇਆ ਜਾਵੇਗਾ। 2020 ’ਚ ਹਾਊਸ ਆਫ ਰਿਪ੍ਰੈਜੈਂਟੇਟਿਵਸ ਦੁਆਰਾ ਇਹ ਐਕਟ ਪਾਸ ਕੀਤਾ ਗਿਆ ਸੀ, 1 ਜਨਵਰੀ ਨੂੰ ਅਮਰੀਕੀ ਸੈਨੇਟ ਨੇ ਜ਼ੁਬਾਨੀ ਵੋਟਾਂ ਨਾਲ ਪਾਸ ਕਰਵਾਇਆ ਗਿਆ। ਹੁਣ ਇਹ ਬਿੱਲ ਵ੍ਹਾਈਟ ਹਾਊਸ ਗਿਆ ਹੈ ਜਿਥੇ ਰਾਸ਼ਟਰਪਤੀ ਟਰੰਪ ਇਸ ’ਤੇ ਸਾਈਨ ਕਰਨਗੇ ਅਤੇ ਇਹ ਕਾਨੂੰਨ ਬਣ ਜਾਵੇਗਾ।
ਦੱਸਣਯੋਗ ਹੈ ਕਿ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਵਿਸ਼ਵੀ ਪੱਧਰ ’ਤੇ ਹਰ ਲੜਕੀ ਲਈ ਸਭ ਤੋਂ ਪ੍ਰੇਰਣਾਦਾਇਕ ਸਖ਼ਸ਼ੀਅਤਾਂ ’ਚੋਂ ਇਕ ਹੈ, ਜੋ ਅਸਮਾਨਤਾ ਖ਼ਿਲਾਫ਼ ਖੜ੍ਹੇ ਹੋਣ ਦੀ ਇੱਛਾ ਰੱਖਦੀ ਹੈ। ਮਲਾਲਾ ਉਨ੍ਹਾਂ ਲੜਕੀਆਂ ਲਈ ਇਕ ਜੀਵੰਤ ਉਦਾਹਰਣ ਹੈ, ਜੋ ਸਾਰੇ ਅਸਮਾਨਤਾਵਾਂ ਖ਼ਿਲਾਫ਼ ਉੱਠ ਖੜ੍ਹੇ ਹੋਣ ਦੀ ਖ਼ਾਹਿਸ਼ ਰੱਖਦੀ ਹੈ।
ਸਾਲ 2012 ਦੇ ਅਕਤੂਬਰ ਮਹੀਨੇ ’ਚ ਸਕੂਲ ਤੋਂ ਵਾਪਸ ਆਪਣੇ ਘਰ ਜਾ ਰਹੀ ਮਲਾਲਾ ’ਤੇ ਪਾਕਿਸਤਾਨੀ ਤਾਲਿਬਾਨ ਦੇ ਮੁਖੀ ਨੇ ਜਾਨਲੇਵਾ ਹਮਲਾ ਕੀਤਾ ਸੀ। ਮਲਾਲਾ ਦੇ ਸਿਰ ’ਚ ਗੋਲੀ ਲੱਗੀ ਸੀ। ਪਾਕਿਸਤਾਨੀ ਤਾਲਿਬਾਨ ਦੇ ਵਿਰੋਧੀਆਂ ਦੇ ਬਾਵਜੂਦ 2008 ਦੇ ਅੰਤ ’ਚ ਮਲਾਲਾ ਨੇ ਲੜਕੀਆਂ ਤੇ ਔਰਤਾਂ ਲਈ ਸਿੱਖਿਆ ਨੂੰ ਲੈ ਕੇ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸੀ।