Australia Test squad announced: ਆਸਟ੍ਰੇਲੀਆ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਟੀਮ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ । ਜਿੱਥੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਹੁਣ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ । ਟੀ-20 ਸੀਰੀਜ਼ ਵਿੱਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੀ ਟੀਮ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਤਿਆਰ ਹੈ ।
ਦਰਅਸਲ, ਆਸਟ੍ਰੇਲੀਆ ਤੇ ਪਾਕਿਸਤਾਨ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 21 ਨਵੰਬਰ ਨੂੰ ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਜਿਸਦੇ ਪਹਿਲੇ ਟੈਸਟ ਮੁਕਾਬਲੇ ਲਈ ਆਸਟ੍ਰੇਲੀਆ ਵੱਲੋਂ 14 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ । ਆਸਟ੍ਰੇਲੀਆ ਟੀਮ ਵੱਲੋਂ ਇਸ ਪਹਿਲੇ ਟੈਸਟ ਮੁਕਾਬਲੇ ਲਈ ਜੋ ਬਰਨਜ਼ ਦੀ ਟੀਮ ਵਿੱਚ ਵਾਪਸੀ ਕਰਵਾਈ ਗਈ ਹੈ ਤੇ ਉਸਮਾਨ ਖਵਾਜ਼ਾ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ । ਉਸਮਾਨ ਖਵਾਜ਼ਾ ਤੋਂ ਇਲਾਵਾ ਪੀਟਰ ਸਿਡਲ ਅਤੇ ਮਾਰਕਸ ਹੈਰਿਸ ਨੂੰ ਵੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ ।
ਇਸ ਸੀਰੀਜ਼ ਵਿੱਚ ਆਸਟ੍ਰੇਲੀਆ ਵੱਲੋਂ ਬਾਲ ਟੈਂਪਰਿੰਗ ਮਾਮਲੇ ਵਿੱਚ ਫਸਣ ਤੋਂ ਬਾਅਦ ਏਸ਼ੇਜ਼ ਸੀਰੀਜ਼ ਵਿੱਚ ਵਾਪਸੀ ਕਰਨ ਵਾਲੇ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਤਿਆਰ ਹਨ । ਇਨ੍ਹਾਂ ਤੋਂ ਇਲਾਵਾ ਮੈਥਿਊ ਵੇਡ ਵੀ ਟੀਮ ਵਿੱਚ ਆਪਣੀ ਜਗ੍ਹਾ ਬਚਾਉਣ ਵਿੱਚ ਕਾਮਯਾਬ ਰਿਹਾ ।
ਜੇਕਰ ਇੱਥੇ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮਿਚੇਲ ਸਟਾਰਕ, ਉਪ-ਕਪਤਾਨ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਨਾਥਨ ਲਿਓਨ, ਅਤੇ ਜੇਮਜ਼ ਪੈਟੀਨਸਨ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ।