ਦੱਖਣੀ ਪਾਕਿਸਤਾਨ ਦੀ ਸੈਂਟਰਲ ਜੇਲ੍ਹ ’ਚ ਹੱਤਿਆ ਦੀ ਜੁਰਮ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 35 ਸਾਲ ਦੇ ਇਕ ਪੁਰਸ਼ ਕੈਦੀ ਨੂੰ ਇੰਟਰਮੀਡੀਏਟ ਦੀ ਪ੍ਰਾਈਵੇਟ ਪ੍ਰੀਖਿਆ ’ਚ ਟਾਪ ਕਰਨ ’ਤੇ ਉਸ ਨੂੰ ਉਸ ਦੀ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਪੰਜ ਸਾਲ ਬਾਅਦ ਬਤੌਰ ਇਨਾਮ ਇਸ ਕੈਦੀ ਨੂੰ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ। ਸੈਯਦ ਨਈਮ ਸ਼ਾਹ ਨਾਂ ਦਾ ਕਰਾਚੀ ਦੀ ਜੇਲ੍ਹ ’ਚ ਬੰਦ ਇਹ ਕੈਦੀ ਇੰਸਟੀਚਿਊਟ ਆਫ ਚਾਰਟਡ ਅਕਾਊਟੈਂਟ ਆਫ ਪਾਕਿਸਤਾਨ ਨਾਲ ਸਬੰਧਤ ਸੀ। ਉਸ ਨੇ ਇਕ ਲੱਖ ਰੁਪਏ ਦਾ ਵਜ਼ੀਫ਼ਾ ਜਿੱਤਿਆ ਹੈ।
ਜੇਲ੍ਹ ਦੇ ਡਿਪਟੀ ਸੁਪਰਡੈਂਟ ਸਈਦ ਸੂਮਰੂ ਨੇ ਦੱਸਿਆ ਕਿ ਉਸ ਦੀ ਪ੍ਰਾਪਤੀ ਕਾਰਨ ਉਸ ਨੂੰ ਮਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਾਹ ਨੇ ਆਪਣੀ ਮਾਂ ਤੇ ਭੈਣ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ। ਇਹ ਬਹੁਤ ਭਾਵਨਾਤਮਕ ਪਲ ਸੀ। ਉਹ ਰੋਂਦੇ ਹੋਏ ਆਪਣੀ ਮਾਂ ਦੇ ਗਲ਼ੇ ਲੱਗਾ ਤੇ ਉਨ੍ਹਾਂ ਦੇ ਪੈਰਾਂ ’ਚ ਡਿੱਗ ਕੇ ਮਾਫ਼ੀ ਮੰਗੀ। ਸ਼ਾਹ ਨੇ ਜੇਲ੍ਹ ਤੋਂ ਹੀ ਪ੍ਰੀਖਿਆ ਦੇਣ ਦੇ ਬਾਵਜੂਦ ਟਾਪ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।