ਪਾਕਿਸਤਾਨ ਦੇ ਹਾਲਾਤ ਬੁਰੀ ਤਰ੍ਹਾਂ ਵਿਗੜ ਗਏ ਹਨ। ਮਹਿੰਗਾਈ ਅਸਮਾਨ ਛੋਹ ਰਹੀ ਹੈ ਤੇ ਸਰਕਾਰ ਕਰਜ਼ ਲੈ ਕੇ ਮੁਲਾਜ਼ਮਾਂ ਨੂੰ ਸੈਲਰੀ ਦੇ ਰਹੀ ਹੈ। ਸੁਪਰੀਮ ਕੋਰਟ ਨੇ ਦੇਸ਼ ਦੀ ਖ਼ਸਤਾ ਹਾਲਾਤ ‘ਤੇ ਇਸਮਾਨ ਸਰਕਾਰ ਨੂੰ ਬੁਰੀ ਤਰ੍ਹਾਂ ਲਤਾੜਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਰਜ਼ ਲੈ ਕੇ ਸੈਲਰੀ ਦੇਣਾ ਸਰਕਾਰ ਦਾ ਬਹੁਤ ਖ਼ਤਰਨਾਕ ਕੰਮ ਹੈ। ਮਹਿੰਗਾਈ ਦੇ ਮੁੱਦੇ ‘ਤੇ ਹੁਣ ਇਮਰਾਨ ਸਰਕਾਰ ‘ਤੇ ਚਾਰੋਂ ਪਾਸੇ ਹਮਲੇ ਕੀਤੇ ਜਾ ਰਹੇ ਹਨ।
ਸਥਾਨਕ ਮੀਡੀਆ ਮੁਤਾਬਿਕ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਗੁਲਜਾਰ ਅਹਿਮਦ ਨੇ ਇਕ ਮੁਲਾਜ਼ਮ ਦੇ ਮੁੱਕਦਮੇ ‘ਚ ਟਿੱਪਣੀ ਕੀਤੀ ਕਿ ਸਰਕਾਰੀ ਵਿਭਾਗਾਂ ‘ਚ ਪਹਿਲਾਂ ਤਾਂ ਸਰਕਾਰ ਨੇ ਜ਼ਿਆਦਾਤਰ ਮੁਲਾਜ਼ਮਾਂ ਦੀ ਭਰਤੀ ਕਰ ਲਈ ਹੈ ਤੇ ਹੁਣ ਸੈਲਰੀ ਦੇਣ ਲਈ ਕਰਜ਼ਾ ਲੈ ਰਹੀ ਹੈ।
ਪਾਕਿਸਤਾਨ ‘ਚ ਮਹਿੰਗਾਈ ਰਿਕਾਰਡ 10.9 ਫੀਸਦੀ ‘ਤੇ ਪਹੁੰਚ ਗਈ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੀ ਇਕ ਰਿਪੋਰਟ ਮੁਤਾਬਿਕ ਮਈ ‘ਚ ਚਿਕਨ ਦੀਆਂ ਕੀਮਤਾਂ ‘ਚ 60 ਫੀਸਦੀ, ਆਂਡੇ ਦੀਆਂ ਕੀਮਤਾਂ ‘ਚ 55 ਫੀਸਦੀ ਤੇ ਸਰ੍ਹੋਂ ਦੇ ਤੇਲ ‘ਚ 31 ਫੀਸਦੀ ਵਾਧਾ ਹੋਇਆ ਹੈ। ਇੱਥੇ ਤਕ ਕਿ ਢਿੱਡ ਭਰਨ ਲਈ ਜ਼ਰੂਰੀ ਅਨਾਜ ਦੀ ਕੀਮਤ ‘ਚ ਮਈ ‘ਚ 30 ਫੀਸਦੀ ਜ਼ਿਆਦਾ ਹੋ ਗਈ ਹੈ। ਅਨਾਜ ‘ਤੇ ਮਹਿੰਗਾਈ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਵਾਰ 20 ਲੱਖ ਮੀਟ੍ਰਿਕ ਟਨ ਅਨਾਜ ਉਤਪਾਦਨ ‘ਚ ਕਮੀ ਆਈ ਹੈ।