ਚੰਡੀਗੜ੍ਹ: ਭਾਰਤ-ਪਾਕਿਸਤਾਨ ਦੇ ਵਧਦੇ ਤਣਾਅ ਦੇ ਚੱਲਦਿਆਂ ਪਾਕਿਸਤਾਨ ਨੇ ਨਵਾਂ ਦਾਅ ਖੇਡਿਆ ਹੈ। ਗੁਆਂਢੀ ਮੁਲਕ ਵਿੱਚ ਬਣ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਰਸਮੀ ਤੌਰ ‘ਤੇ ਸੱਦਾ ਭੇਜਿਆ ਹੈ। ਪਾਕਿਸਤਾਨ ਦਾ ਤਰਕ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦੇ ਹਨ।
ਵੇਖਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਛੱਡ ਸਾਬਕਾ ਪ੍ਰਧਾਨ ਮੰਤਰੀ ਨੂੰ ਪਹਿਲਾਂ ਸੱਦਾ ਦੇਣ ਨੂੰ ਤਰਜੀਹ ਦਿੱਤੀ। ਹਾਲਾਂਕਿ ਇਸ ਪਿੱਛੇ ਉਨ੍ਹਾਂ ਦੇ ਸਿੱਖ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਵੇਖਣਾ ਹੋਏਗਾ ਕਿ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਪਾਕਿਸਤਾਨ ਦਾ ਸੱਦਾ ਮਨਜ਼ੂਰ ਕਰਕੇ ਪਾਕਿਸਤਾਨ ਜਾਂਦੇ ਹਨ ਜਾਂ ਮੋਦੀ ਨੂੰ ਵੀ ਸੱਦਾ ਮਿਲਣ ਦੀ ਉਡੀਕ ਕਰਦੇ ਹਨ।
ਪਾਕਸਿਤਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਵੰਬਰ ਮਹੀਨੇ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਏਗਾ। ਦੋਵਾਂ ਮੁਲਕਾਂ ਵਾਸੇ ਪਾਸੇ ਜ਼ੋਰਾਂ-ਸ਼ੋਰਾਂ ‘ਤੇ ਨਿਰਮਾਣ ਕਾਰਜ ਚੱਲ ਰਹੇ ਹਨ। ਪਿਛਲੇ ਦਿਨੀਂ ਪਾਕਿਸਤਾਨ ਨੇ 90 ਫੀਸਦੀ ਕੰਮ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਭਾਰਤ ਵਾਲੇ ਪਾਸੇ ਵੀ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਸੀ।