ਚੰਡੀਗੜ੍ਹ- ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪਾਗਲਗਾਮ ਅਤਿਵਾਦੀ ਹਮਲੇ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਦਾਅਵਾ ਕੀਤਾ ਹੈ ਕਿ ਉਸਦਾ ਇਸ ਘਟਨਾ ਨਾਲ “ਕੋਈ ਲੈਣਾ-ਦੇਣਾ ਨਹੀਂ” ਹੈ, ਨਾਲ ਹੀ ਇਹ ਵੀ ਕਿਹਾ ਕਿ ਦੇਸ਼ “ਆਪਣੇ ਹਰ ਰੂਪ ਵਿਚ ਅਤਿਵਾਦ ਨੂੰ ਰੱਦ ਕਰਦਾ ਹੈ”। ਇਕ ਬਿਆਨ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ, “ਪਾਕਿਸਤਾਨ ਦਾ ਪਾਗਲਗਾਮ ਅਤਿਵਾਦੀ ਹਮਲੇ ਨਾਲ ਕੋਈ ਸਬੰਧ ਨਹੀਂ ਹੈ।”
ਉਨ੍ਹਾਂ ਅੱਗੇ ਕਿਹਾ ਕਿ, “ਭਾਰਤ ਵਿਚ ਕੇਂਦਰ ਸਰਕਾਰ ਨੂੰ ਨਾਗਾਲੈਂਡ, ਮਨੀਪੁਰ, ਕਸ਼ਮੀਰ ਅਤੇ ਛੱਤੀਸਗੜ੍ਹ ਸਮੇਤ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਘਰੇਲੂ ਪੱਧਰ ’ਤੇ ਪੈਦਾ ਹੋਇਆ ਹੈ ਕਿਉਂਕਿ ਸਰਕਾਰ ਬਹੁਤ ਸਾਰੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ।’’ ਪਾਕਿ ਰੱਖਿਆ ਮੰਤਰੀ ਨੇ ਅੱਗੇ ਕਿਹਾ, ‘‘ਅਸੀਂ ਕਿਸੇ ਵੀ ਰੂਪ ਵਿਚ ਅਤਿਵਾਦ ਦਾ ਸਮਰਥਨ ਨਹੀਂ ਕਰਦੇ ਅਤੇ ਸਥਾਨਕ ਲੋਕਾਂ ਨੂੰ ਅਤਿਵਾਦੀਆਂ ਦਾ ਨਿਸ਼ਾਨਾ ਨਹੀਂ ਹੋਣਾ ਚਾਹੀਦਾ ਅਤੇ ਸਾਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ।”
ਆਸਿਫ ਨੇ ਕਿਹਾ, “ਹਾਲਾਂਕਿ, ਜੇਕਰ ਸਥਾਨਕ ਤਾਕਤਾਂ ਭਾਰਤ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਤਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਜਾਂਦਾ ਹੈ।’’ ਇਹ ਬਿਆਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਚ ਹੋਏ ਇਕ ਘਾਤਕ ਅਤਿਵਾਦੀ ਹਮਲੇ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ ਜਿਸ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।