ਇਸਲਾਮਾਬਾਦ: ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅੜਿੱਕੇ ਪੈਦਾ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਮੁਹੰਮਦ ਫੈਸਲ ਨੇ ਕਿਹਾ ਕਿ ਰੋਜ਼ਾਨਾ 5000 ਸ਼ਰਧਾਲੂਆਂ ਦੇ ਆਉਣ ਦੀ ਆਗਿਆ ਦਿੱਤੀ ਗਈ ਹੈ ਪਰ ਆਸ ਅਨੁਸਾਰ ਬਹੁਤ ਘੱਟ ਸ਼ਰਧਾਲੂ ਆ ਰਹੇ ਹਨ। ਇਹ ਸਭ ਭਾਰਤ ਵੱਲੋਂ ਅੜਿੱਕੇ ਪਾਉਣ ਕਰਕੇ ਹੋ ਰਿਹਾ ਹੈ।
ਯਾਦ ਰਹੇ ਇਸ ਮਹੀਨੇ ਪਾਕਿਸਤਾਨ ਤੇ ਭਾਰਤ ਨੇ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਨੂੰ ਜੋੜਨ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ। ਸਿੱਖ ਲੰਮੇਂ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸੀ। ਪਾਕਿਸਤਾਨ ਨੇ ਰੋਜ਼ਾਨਾ ਰੋਜ਼ਾਨਾ 5000 ਸ਼ਰਧਾਲੂਆਂ ਦੇ ਆਉਣ ਦੀ ਆਗਿਆ ਦਿੱਤੀ ਸੀ ਪਰ ਔਖੀ ਪ੍ਰਕ੍ਰਿਆ ਕਰਕੇ ਮਹਿਜ਼ ਸੈਂਕੜੇ ਸਿੱਖ ਹੀ ਦਰਸ਼ਨਾਂ ਲਈ ਜਾ ਰਹੇ ਹਨ। ਪਾਕਿਸਤਾਨ ਨੇ ਸਿੱਖ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੀ ਅਪੀਲ ‘ਤੇ ਪਾਸਪੋਰਟ ਤੋਂ ਛੋਟ ਦੇ ਦਿੱਤੀ ਸੀ ਪਰ ਭਾਰਤ ਸਰਕਾਰ ਨੇ ਇਹ ਸ਼ਰਤ ਨਹੀਂ ਮੰਨੀ ਸੀ। ਹੁਣ ਪਾਸਪੋਰਟ ਕਰਕੇ ਹੀ ਅਨੇਕਾਂ ਸ਼ਰਧਾਲੂ ਜਾਣ ਤੋਂ ਅਸਮਰੱਥ ਹਨ।
ਇਸ ਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਹੈ ਕਿ ਵਿਸ਼ਵ ਦਾ ਸਭ ਤੋਂ ਉੱਚਾ ਜੰਗ ਦਾ ਮੈਦਾਨ ਸਿਆਚਿਨ ਵਿਵਾਦਗ੍ਰਸਤ ਇਲਾਕਾ ਹੈ। ਇਸ ਨੂੰ ਭਾਰਤ ਵੱਲੋਂ ਸੈਰ-ਸਪਾਟੇ ਲਈ ਨਹੀਂ ਖੋਲ੍ਹਿਆ ਜਾ ਸਕਦਾ। ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਨੇ ਸਿਆਚਿਨ ਗਲੇਸ਼ੀਅਰ ਨੂੰ ਭਾਰਤ ਨੇ ਧੱਕੇ ਨਾਲ ਦੱਬਿਆ ਹੋਇਆ ਹੈ ਤੇ ਇਹ ਵਿਵਾਦਗ੍ਰਸਤ ਇਲਾਕਾ ਹੈ ਅਤੇ ਭਾਰਤ ਇਸ ਨੂੰ ਸੈਰ-ਸਪਾਟੇ ਲਈ ਕਿਵੇਂ ਖੋਲ੍ਹ ਸਕਦਾ ਹੈ?