nawaz sharif declared: ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜ਼ਮਾਨਤ ਦੀ ਮਿਆਦ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਇਮਰਾਨ ਸਰਕਾਰ ਨੇ ਨਵਾਜ਼ ਸ਼ਰੀਫ ਵਲੋਂ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਬਾਅਦ ਇਹ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ।
ਮੰਤਰੀ ਮੰਡਲ ਦੀ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਦੇ ਸੂਚਨਾ ਪ੍ਰਸਾਰਣ ਮਾਮਲਿਆਂ ਦੇ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ, “ਨਵਾਜ਼ ਸ਼ਰੀਫ ਲੰਡਨ ਦੇ ਕਿਸੇ ਹਸਪਤਾਲ ਦੀ ਮੈਡੀਕਲ ਰਿਪੋਰਟ ਪੇਸ਼ ਨਹੀਂ ਕਰ ਸਕੇ। ਇਸ ਦੇ ਨਾਲ ਹੀ ਮੈਡੀਕਲ ਬੋਰਡ ਨੇ ਉਨ੍ਹਾਂ ਦੇ ਭੇਜੇ ਮੈਡੀਕਲ ਸਰਟੀਫਿਕੇਟ ਨੂੰ ਰੱਦ ਕਰ ਦਿੱਤਾ ਅਤੇ ਸਰਕਾਰ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਹੁਣ ਕਾਨੂੰਨ ਅਨੁਸਾਰ ਨਵਾਜ਼ ਸ਼ਰੀਫ ਭਗੌੜਾ ਹੈ ਅਤੇ ਜੇ ਉਹ ਦੇਸ਼ ਵਾਪਸ ਨਹੀਂ ਆਇਆ ਤਾਂ ਉਸ ਨੂੰ ਘੋਸ਼ਿਤ ਅਪਰਾਧੀ ਐਲਾਨ ਦਿੱਤਾ ਜਾਵੇਗਾ।
ਇਸ ਤੋਂ ਇਲਾਵਾਂ ਫਿਰਦੌਸ ਆਸ਼ਿਕ ਅਵਾਨ ਨੇ ਇਹ ਨਹੀਂ ਦੱਸਿਆ ਕਿ ਕਿਵੇਂ ਸ਼ਰੀਫ ਨੂੰ ਕਾਨੂੰਨ ਦੁਆਰਾ ਭਗੌੜਾ ਐਲਾਨਿਆ ਜਾਵੇਗਾ, ਪਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਪ੍ਰਾਂਤ ਦੀ ਸਰਕਾਰ ਇਸਲਾਮਾਬਾਦ ਹਾਈ ਕੋਰਟ ਨੂੰ ਇਹ ਫ਼ੈਸਲਾ ਕਰਨ ਲਈ ਪਟੀਸ਼ਨ ਕਰੇਗੀ ਕਿ ਉਨ੍ਹਾਂ ਨੂੰ ਭਗੌੜਾ ਐਲਾਨਿਆ ਜਾਵੇ ਜਾਂ ਅਪਰਾਧੀ ਘੋਸ਼ਿਤ ਕੀਤਾ ਜਾਵੇ ਜਾ ਨਹੀਂ। ਮਹੱਤਵਪੂਰਣ ਗੱਲ ਇਹ ਹੈ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਗਈ ਸੀ। ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਨੇ ਨਵਾਜ਼ ਸ਼ਰੀਫ ਨੂੰ ਮੈਡੀਕਲ ਦੇ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਸੀ। ਪਿੱਛਲੇ ਸਾਲ 29 ਅਕਤੂਬਰ ਨੂੰ ਨਵਾਜ਼ ਸ਼ਰੀਫ ਨੂੰ ਅੱਠ ਹਫ਼ਤਿਆਂ ਦੀ ਜ਼ਮਾਨਤ ਮਿਲੀ ਸੀ। ਹੁਣ ਉਸ ਜ਼ਮਾਨਤ ਦੀ ਮਿਆਦ ਖਤਮ ਹੋ ਗਈ ਹੈ।