ਆਈਸੀਸੀ ਟੀ-20 ਵਰਲਡ ਕੱਪ 2021 ਦੇ ਸੈਮੀਫਾਈਨਲ ‘ਚ ਤਿੰਨ ਟੀਮਾਂ ਨੇ ਪ੍ਰਵੇਸ਼ ਕਰ ਲਿਆ ਹੈ, ਜਦਕਿ ਚੌਥੀ ਟੀਮ ਦਾ ਐਲਾਨ ਅੱਜ ਯਾਨੀ 7 ਨਵੰਬਰ ਜਾਂ 8 ਨਵੰਬਰ ਨੂੰ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦੀ ਟੀਮ ਸਭ ਤੋਂ ਜ਼ਿਆਦਾ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਮਾਮਲੇ ‘ਚ ਪਾਕਿਸਤਾਨ ਦੀ ਟੀਮ ਨੇ ਸ਼੍ਰੀਲੰਕਾ, ਭਾਰਤ, ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਪਾਕਿਸਤਾਨ ਦੀ ਟੀਮ ਰਿਕਾਰਡ ਪੰਜਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ, ਜਦਕਿ ਪਾਕਿਸਤਾਨ ਤੋਂ ਬਾਅਦ ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀ ਟੀਮ ਹੈ, ਜਿਨ੍ਹਾਂ ਨੇ ਇਸ ਮੈਗਾ ਈਵੈਂਟ ਦੇ ਸੈਮੀਫਾਈਨਲ ‘ਚ 4-4 ਨਾਲ ਜਗ੍ਹਾ ਬਣਾਈ ਹੈ | ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਖਿਲਾਫ਼ ਆਖ਼ਰੀ ਲੀਗ ਮੈਚ ‘ਚ ਹਾਰ ਦੇ ਬਾਵਜੂਦ ਇੰਗਲੈਂਡ ਦੀ ਟੀਮ ਤੀਜੀ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਕੋਲ ਤੀਜੀ ਵਾਰ ਅਤੇ ਭਾਰਤ ਕੋਲ ਚੌਥੀ ਵਾਰ ਅਜਿਹਾ ਕਰਨ ਦਾ ਮੌਕਾ ਹੈ।
2009 ਦੇ ਟੀ-20 ਵਰਲਡ ਕੱਪ ਦੀ ਜੇਤੂ ਟੀਮ 7 ਵਿੱਚੋਂ 5 ਵਾਰ ਸੈਮੀਫਾਈਨਲ ਖੇਡ ਚੁੱਕੀ ਹੈ, ਜਦਕਿ ਪਿਛਲੇ ਦੋ ਟੂਰਨਾਮੈਂਟਾਂ ਵਿਚ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਪਾਕਿਸਤਾਨ ਦੀ ਟੀਮ 2014 ਅਤੇ 2016 ਵਿੱਚ ਆਈਸੀਸੀ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਪਾਕਿਸਤਾਨ ਦੀ ਟੀਮ ਸਾਲ 2007 ਵਿੱਚ ਉਪ ਜੇਤੂ ਰਹੀ ਸੀ, ਜਦੋਂ ਭਾਰਤ ਨੇ ਐਮਐਸ ਧੋਨੀ ਦੀ ਕਪਤਾਨੀ ਵਿੱਚ ਟੀ-20 ਵਰਲਡ ਕੱਪ ਜਿੱਤਿਆ ਸੀ। ਜੇਕਰ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਜਿੱਤ ਜਾਂਦੀ ਹੈ ਤਾਂ ਉਹ ਸਭ ਤੋਂ ਜ਼ਿਆਦਾ ਵਾਰ ਫਾਈਨਲ ‘ਚ ਪਹੁੰਚਣ ਵਾਲੀ ਟੀਮ ਬਣ ਜਾਵੇਗੀ।
ਉਹ ਟੀਮਾਂ ਜੋ ਸਭ ਤੋਂ ਵੱਧ ਵਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੁੰਚੀਆਂ ਹਨ।
5 ਵਾਰ- ਪਾਕਿਸਤਾਨ
4 ਵਾਰ- ਆਸਟ੍ਰੇਲੀਆ
4 ਵਾਰ- ਸ਼੍ਰੀਲੰਕਾ
4 ਵਾਰ- ਵੈਸਟ ਇੰਡੀਜ਼
3 ਵਾਰ- ਇੰਗਲੈਂਡ
3 ਵਾਰ- ਭਾਰਤ*
2 ਵਾਰ- ਨਿਊਜ਼ੀਲੈਂਡ*
2 ਵਾਰ- ਦੱਖਣੀ ਅਫਰੀਕਾ