ਪਾਕਿਸਤਾਨ ਦੀ ਧੀ ਨੂੰਹ ਬਣਨ ਭਾਰਤ ਆ ਗਈ ਹੈ। ਭਾਰਤ ਸਰਕਾਰ ਨੇ ਕਰਾਚੀ ਨਿਵਾਸੀ ਅਜ਼ਮਤ ਇਸਮਾਈਲ ਖਾਨ ਦੀ 21 ਸਾਲਾ ਧੀ ਜਵੇਰੀਆ ਖਾਨਮ ਨੂੰ ਭਾਰਤ ਦਾ 45 ਦਿਨਾਂ ਦਾ ਵੀਜ਼ਾ ਦਿੱਤਾ ਹੈ। ਉਹ ਅੱਜ ਅਟਾਰੀ ਸਰਹੱਦ ਰਾਹੀਂ ਭਾਰਤ ‘ਚ ਦਾਖ਼ਲ ਹੋਈ। ਇੱਥੇ ਉਸਦੇ ਹੋਣ ਵਾਲੇ ਪਤੀ ਸਮੀਰ ਖਾਨ ਤੇ ਹੋਣ ਵਾਲੇ ਸਹੁਰੇ ਅਹਿਮਦ ਕਮਾਲ ਖਾਨ ਯੂਸਫਜ਼ਈ ਉਸ ਦਾ ਸਵਾਗਤ ਕੀਤਾ।
ਅਟਾਰੀ ਸਰਹੱਦ ਤੋਂ ਰਵਾਨਾ ਹੋਣ ਤੋਂ ਬਾਅਦ ਦੋਵੇਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਅਤੇ ਇੱਥੋਂ ਉਹ ਕੋਲਕਾਤਾ ਲਈ ਰਵਾਨਾ ਹੋਣਗੇ। ਸਮੀਰ ਅਤੇ ਜਵੇਰੀਆ ਖਾਨਮ ਦਾ ਵਿਆਹ ਹੋਵੇਗਾ। ਹਾਲਾਂਕਿ ਭਾਰਤ ਨੇ ਜਵੇਰੀਆ ਨੂੰ ਦੋ ਵਾਰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਸਮਾਜ ਸੇਵੀ ਅਤੇ ਪੱਤਰਕਾਰ ਮਕਬੂਲ ਅਹਿਮਦ ਵਾਸੀ ਕਾਦੀਆਂ ਦੇ ਸੰਪਰਕ ‘ਚ ਆਇਆ। ਉਹ ਪਹਿਲਾਂ ਵੀ ਕਈ ਪਾਕਿਸਤਾਨੀ ਲਾੜਿਆਂ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰ ਚੁੱਕਾ ਹੈ। ਮਕਬੂਲ ਅਹਿਮਦ ਨੇ ਇਸ ਮਾਮਲੇ ਵਿਚ ਉਸ ਦੀ ਕਾਫੀ ਮਦਦ ਕੀਤੀ ਅਤੇ ਉਸ ਦੇ ਯਤਨਾਂ ਸਦਕਾ ਉਸ ਦੀ ਮੰਗੇਤਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦਿੱਤਾ।ਜਵੇਰੀਆ ਖਾਨਮ ਨੇ ਕਿਹਾ ਕਿ ਮੈਨੂੰ ਵੀਜ਼ਾ ਸਾਢੇ ਪੰਜ ਸਾਲ ਬਾਅਦ ਮਿਲਿਆ ਹੈ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ। ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇੱਥੇ ਆਈ ਹਾਂ। ਭਾਰਤ ਸਰਕਾਰ ਨੇ ਮੈਨੂੰ 45 ਦਿਨਾਂ ਦਾ ਵੀਜ਼ਾ ਦਿੱਤਾ ਹੈ। ਅਰਦਾਸ ਕੀਤੀ ਸੀ ਜੋ ਕਬੂਲ ਹੋਈ। ਅਸੀਂ ਜਨਵਰੀ ਦੇ ਪਹਿਲੇ ਹਫ਼ਤੇ ਕੋਲਕਾਤਾ ‘ਚ ਵਿਆਹ ਕਰਾਂਗੇ। ਪਾਕਿਸਤਾਨ ‘ਚ ਵੀ ਹਰ ਕੋਈ ਖੁਸ਼ ਹੈ। ਪਤੀ ਸਮੀਰ ਨੇ ਕਿਹਾ ਕਿ ਖਾਨਮ ਨੂੰ ਮਿਲ ਕੇ ਮੇਰਾ ਸੁਪਨਾ ਪੂਰਾ ਹੋ ਗਿਆ ਹੈ। ਮੈਂ ਸਾਢੇ ਪੰਜ ਸਾਲ ਇੰਤਜ਼ਾਰ ਕੀਤਾ ਹੈ। ਹੁਣ ਜਲਦੀ ਹੀ ਵਿਆਹ ਹੋਵੇਗਾ।