Pakistan blast: ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪੋਲੀਓ ਕਰਮਚਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਦੀ ਵੈਨ ਕੋਲ ਮੰਗਲਵਾਰ ਨੂੰ ਇੱਕ IED ਧਮਾਕਾ ਹੋਇਆ. ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ ।
ਦਰਅਸਲ, ਪਾਕਿਸਤਾਨ ਵਿੱਚ ਇਸ ਸਾਲ ਦੇਸ਼ ਵਿਆਪੀ ਪੋਲੀਓ ਟੀਕਾਕਰਨ ਮੁਹਿੰਮ ਸੋਮਵਾਰ ਤੋਂ ਸ਼ੁਰੂ ਕੀਤੀ ਗਈ. ਇਸ ਮੁਹਿੰਮ ਦਾ ਟੀਚਾ ਪੰਜ ਸਾਲ ਤੋਂ ਘੱਟ ਦੇ ਸਮੇਂ ਵਿੱਚ ਤਕਰੀਬਨ 3 ਕਰੋੜ 96 ਲੱਖ ਬੱਚਿਆਂ ਨੂੰ ਪੋਲੀਓ ਦਾ ਟੀਕਾ ਲਾਉਣਾ ਹੈ । ਦੱਸ ਦੇਈਏ ਕਿ ਇਸ ਮੁਹਿੰਮ ਵਿੱਚ ਤਕਰੀਬਨ 2,65,000 ਪੋਲੀਓ ਕਰਮਚਾਰੀ ਸ਼ਾਮਿਲ ਹਨ ।
ਪਾਕਿਸਤਾਨ ਦੇ ਇੱਕ ਅਖਬਾਰ ਅਨੁਸਾਰ ਇਹ ਧਮਾਕੇ ਦੀ ਘਟਨਾ ਡੇਰਾ ਇਸਮਾਈਲ ਖਾਨ ਸ਼ਹਿਰ ਦੇ ਕੁਲਾਚੀ ਖੇਤਰ ਵਿੱਚ ਹੋਈ ਜਿੱਥੇ ਪੋਲੀਓ ਟੀਕਾਕਰਨ ਕਰਮਚਾਰੀਆਂ ਦੀ ਸੁਰੱਖਿਆ ਲਈ ਵੈਨ ਤਾਇਨਾਤ ਕੀਤੀ ਗਈ ਸੀ । ਇਸ ਸਬੰਧੀ ਪੁਲਿਸ ਅਧਿਕਾਰੀ ਮਹਿਮੂਦ ਨੇ ਦੱਸਿਆ ਕਿ ਧਮਾਕੇ ਵਿੱਚ ਇਕ ਪੁਲਿਸ ਕਰਮਚਾਰੀ ਦੀ ਜਾਨ ਚਲੀ ਗਈ ਤੇ ਦੋ ਹੋਰ ਜ਼ਖਮੀ ਹੋ ਗਏ । ਉਨ੍ਹਾਂ ਦੱਸਿਆ ਕਿ ਇਸ ਧਮਾਕੇ ਵਿੱਚ ਦੋਵਾਂ ਜ਼ਖਮੀਆਂ ਨੂੰ ਜ਼ਿਲ੍ਹਾ ਮੁੱਖ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ । ਉਨ੍ਹਾਂ ਦੱਸਿਆ ਕਿ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ ।