ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਐਤਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੁਪਰੀਮੋ ਇਮਰਾਨ ਖ਼ਾਨ ’ਤੇ ਪਾਕਿਸਤਾਨ ’ਚ ਖ਼ੂਨ-ਖ਼ਰਾਬਾ ਕਰਨ ਅਤੇ ਅਰਾਜਕਤਾ ਵੱਲ ਲਿਜਾਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਮਦਦ ਲਈ ਫੌਜ ਨੂੰ ਬੁਲਾਉਣਾ ਬੰਦ ਕਰਨਾ ਚਾਹੀਦਾ ਹੈ ਅਤੇ ਰਾਜਨੀਤੀ ਇਕੱਲਿਆਂ ਕਰਨੀ ਚਾਹੀਦੀ ਹੈ।
ਸਿਆਲਕੋਟ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ’ਤੇ ਹੱਤਿਆ ਦੀ ਸਾਜ਼ਿਸ਼ ਦਾ ਦੋਸ਼ ਲਗਾਉਣ ਲਈ ਪੀਟੀਆਈ ਮੁਖੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਸਿਆਸਤ ’ਚ ਹਿੰਸਾ ਦਾ ਕਾਰਨ ਬਣ ਸਕਦੇ ਹਨ ਅਤੇ ਦੇਸ਼ ’ਚ ਖ਼ੂਨ-ਖ਼ਰਾਬਾ ਹੋ ਸਕਦਾ ਹੈ .
ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਨੇ ਆਸਿਫ ਦੇ ਹਵਾਲੇ ਨਾਲ ਕਿਹਾ ਕਿ ਪੀਟੀਆਈ ਕੋਲ ਵਿਧਾਨ ਸਭਾਵਾਂ ਦਾ ਮੰਚ ਸੀ ਜਿਸ ਨੂੰ ਉਨ੍ਹਾਂ ਨੇ ਖਾਰਿਜ ਕਰ ਦਿੱਤਾ ਅਤੇ ਹੁਣ ਸੰਸਥਾਵਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਉਨ੍ਹਾਂ ਦੀ ਸਹੂਲਤ ਦੇਣ ਲਈ ਕਹਿ ਰਹੇ ਹਨ।
ਇਮਰਾਨ ਖ਼ਾਨ ਨੇ ਖ਼ੂਨ-ਖ਼ਰਾਬੇ ਦਾ ਖੇਡਿਆ ਨਵਾਂ ਕਾਰਡ
ਦੇਸ਼ ਦੇ ਰੱਖਿਆ ਮੰਤਰੀ ਨੇ ਇਮਰਾਨ ਖ਼ਾਨ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਨਵਾਂ ਕਾਰਡ ਖੇਡਿਆ ਹੈ, ਜਿਸ ਨਾਲ ਖ਼ੂਨ-ਖ਼ਰਾਬਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਮਰਾਨ ਦਾ ਮਕਸਦ ਰਾਜਨੀਤੀ ’ਚ ਖ਼ੂਨ ਖ਼ਰਾਬਾ ਕਰਨਾ ਹੈ। ਖਵਾਜ਼ਾ ਆਸਿਫ ਨੇ ਕਿਹਾ ਕਿ ਚਾਹੇ ਉਹ ਜੁਲਫਿਕਾਰ ਅਲੀ ਭੁੱਟੋ ਦੀ ਫਾਂਸੀ ਹੋਵੇ ਜਾਂ ਬੇਨਜੀਰ ਭੁੱਟੋ ਦੀ ਸ਼ਹਾਦਤ। ਪੀਪੀਪੀ ਨੇ ਕਦੇ ਵੀ ਹਿੰਸਾ ਦਾ ਸਮਰਥਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੀਪੀਪੀ ਨੇ ਅੱਤਵਾਦ ਵਿਰੁੱਧ ਜੰਗ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਬੇਨਜੀਰ ਭੁੱਟੋ ਨੇ ਇਸ ਜੰਗ ਵਿਚ ਆਪਣੀ ਜਾਨ ਦੇ ਦਿੱਤੀ ਅਤੇ ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਪੀਪੀਪੀ ਨੇ ਹਿੰਸਾ ਦਾ ਰਾਹ ਨਹੀਂ ਅਪਣਾਇਆ ਅਤੇ ਲੋਕਤੰਤਰ ਦਾ ਰਾਹ ਅਪਣਾਇਆ।