ਇੰਟਰਪੋਲ ਦੀ ਚਿਤਾਵਨੀ ਦੇ ਬਾਵਜੂਦ ਖ਼ਤਰਨਾਕ ਲਿਕਵਿਡ ਲੋਡਿਡ ਇਕ ਜੰਗੀ ਬੇੜਾ ਪਾਕਿਸਤਾਨ ਦੇ ਗਦਾਨੀ ਸ਼ਿਪਬ੍ਰੇਕਿੰਗ ਯਾਰਡ ‘ਚ ਪਹੁੰਚ ਗਿਆ। ਇਸ ਨਾਲ ਪਾਕਿਸਤਾਨ ਦੇ ਅਧਿਕਾਰੀਆਂ ‘ਚ ਹਲਚਲ ਮਚ ਗਈ ਹੈ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਐਨਵਾਇਰਮੈਂਟ ਪ੍ਰੋਟੇਕਸ਼ਨ ਏਜੰਸੀ ਬਲੂਚਿਸਤਾਨ ਨੇ ਗਦਾਨੀ ਸ਼ਿਪਬ੍ਰੇਕਿੰਗ ਯਾਰਡ ਨੂੰ ਸੀਲ ਕਰ ਦਿੱਤਾ ਹੈ ਜਿੱਥੇ ਜੰਗੀ ਬੇੜੇ ਨੂੰ ਖੜ੍ਹਾ ਕੀਤਾ ਗਿਆ ਹੈ। ਇਸ ਪੁਰਾਣੇ ਜਹਾਜ਼ ਨੂੰ ਤੋੜਣ ਲਈ ਇੱਥੇ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਜਹਾਜ਼ ‘ਚ ਲੱਦੇ ਕੈਮੀਕਲਜ਼ ਦੇ ਸੈਂਪਲ ਜਾਂਚ ਲਈ ਕਰਾਚੀ ਸਥਿਤ ਲੈਬ ਭੇਜ ਦਿੱਤੇ ਹਨ। ਟਾਈਮਜ਼ ਆਫ ਇਸਲਾਮਾਬਾਦ ਦੀ ਰਿਪੋਰਟ ਮੁਤਾਬਕ 1,500 ਟਨ ਪਾਰਾ ਮਿਸ਼ਰਿਤ ਕੈਮੀਕਲਜ਼ ਨਾਲ ਲੱਦੇ ਜਹਾਜ਼ ਸਬੰਧੀ ਇੰਟਰਪੋਲ ਨੇ ਚਿਤਾਵਨੀ ਜਾਰੀ ਕੀਤੀ ਸੀ। ਇੰਟਰਪੋਲ ਨੇ ਸੰਘੀ ਜਾਂਚ ਏਜੰਸੀ ਨੂੰ ਜਹਾਜ਼ ਨੂੰ ਪਾਕਿਸਤਾਨ ‘ਚ ਐਂਟਰੀ ਦੇਣ ਤੋਂ ਮਨ੍ਹਾ ਕੀਤਾ ਸੀ।
ਖ਼ਤਰਨਾਕ ਕੈਮੀਕਲਜ਼ ਹੋਣ ਦੀ ਵਜ੍ਹਾ ਕਾਰਨ ਭਾਰਤ ਤੇ ਬੰਗਲਾਦੇਸ਼ ਪਹਿਲਾਂ ਹੀ ਇਸ ਜਹਾਜ਼ ਨੂੰ ਐਂਟਰੀ ਦੇਣ ਤੋਂ ਮਨ੍ਹਾਂ ਕਰ ਚੁੱਕੇ ਸੀ। ਬਾਅਦ ‘ਚ ਇਸ ਜਹਾਜ਼ ਦਾ ਨਾਂ ‘ਐਫਐਸ ਆਰਡੀਅੰਟ’ ਤੋਂ ਬਦਲ ਕੇ ‘ਚੇਰਿਸ਼’ ਕਰ ਦਿੱਤਾ ਗਆ ਸੀ ਜਿਸ ਤੋਂ ਬਾਅਦ ਇਹ 21 ਅਪ੍ਰੈਲ ਨੂੰ ਕਰਾਚੀ ਪਹੁੰਚਿਆ। ਇਸ ਨੂੰ ਗਦਾਨੀ ਸ਼ਿਪਬ੍ਰੇਕਿੰਗ ਯਾਰਡ ‘ਚ ਲਿਆਂਦਾ ਗਿਆ ਹੈ ਤੇ ਇਸ ਨੂੰ ਤੋੜਣ ਦਾ ਕੰਮ ਚਲ ਰਿਹਾ ਹੈ।