Pakistan PM Imran Khan: ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਰਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ । ਬੀਤੇ ਦਿਨ ਇਮਰਾਨ ਖਾਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਕਿਉਂਕਿ ਉਨ੍ਹਾਂ ਨੇ ਇੱਕ ਆਦਮੀ ਨਾਲ ਮੁਲਾਕਾਤ ਕੀਤੀ ਸੀ ਜੋ ਬਾਅਦ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ । ਕੋਰੋਨਾ ਟੈਸਟ ਦੇ ਨਤੀਜੇ ਨੈਗੇਟਿਵ ਆਉਣ ਤੋਂ ਬਾਅਦ ਇਮਰਾਨ ਖਾਨ ਨੇ ਸੁੱਖ ਦਾ ਸਾਹ ਲਿਆ ਹੈ ।
ਦਰਅਸਲ, ਇਮਰਾਨ ਖਾਨ ਬੀਤੇ ਦਿਨ ਈਧੀ ਫਾਉਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨਾਲ ਮੁਲਾਕਾਤ ਕੀਤੀ ਸੀ । ਉਹ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਪਾਕਿਸਤਾਨ ਸਰਕਾਰ ਨੂੰ 10 ਮਿਲੀਅਨ ਦੀ ਵਿੱਤੀ ਸਹਾਇਤਾ ਦਾ ਚੈੱਕ ਦੇਣ ਆਇਆ ਸੀ, ਪਰ ਉਸ ਤੋਂ ਬਾਅਦ ਜਦੋਂ ਈਧੀ ਦੀ ਜਾਂਚ ਕੀਤੀ ਗਈ ਤਾਂ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।
ਜਿਸ ਤੋਂ ਬਾਅਦ ਇਸਲਾਮਾਬਾਦ ਦੇ ਇੱਕ ਹਸਪਤਾਲ ਦੇ ਡਾਕਟਰ ਨੇ ਇਮਰਾਨ ਖਾਨ ਦੇ ਕੋਰੋਨਾ ਵਾਇਰਸ ਟੈਸਟ ਦਾ ਸੈਂਪਲ ਲਿਆ। ਡਾ. ਫੈਸਲ ਸੁਲਤਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਡਾਕਟਰਾਂ ਦੀ ਸਲਾਹ ‘ਤੇ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਹੈ, ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ ।
ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਮਰਾਨ ਖਾਨ ਅਤੇ ਈਧੀ ਦੀ ਮੁਲਾਕਾਤ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਉਸ ਵਿੱਚ ਕਿਸੇ ਨੇ ਵੀ ਦਸਤਾਨੇ ਨਹੀਂ ਪਾਏ ਸਨ । ਇਹੀ ਕਾਰਨ ਹੈ ਕਿ ਡਾਕਟਰਾਂ ਨੇ ਕੋਈ ਜੋਖਮ ਨਾ ਲੈਂਦੇ ਹੋਏ ਇਮਰਾਨ ਖ਼ਾਨ ਦਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ । ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 10,000 ਦੇ ਨੇੜੇ ਪਹੁੰਚ ਗਈ ਹੈ । ਇਸ ਮਹਾਂਮਾਰੀ ਕਾਰਨ ਪਾਕਿਸਤਾਨ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ।