ਚਾਹੇ ਕ੍ਰਿਕਟ ਦੇ ਮੈਦਾਨ ‘ਤੇ ਪਿਛਲੇ ਦਿਨੀਂ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਭਾਰਤੀ ਅੰਡਰ-19 ਮਹਿਲਾ ਫੁੱਟਬਾਲ ਟੀਮ ਨੇ ਪਾਕਿਸਤਾਨ ਨੂੰ ਏਐੱਫਸੀ ਕੁਆਲੀਫਾਇਰਜ਼ ਵਿਚ 18-0 ਨਾਲ ਦਰੜ ਕੇ ਖੇਡ ਪ੍ਰੇਮੀਆਂ ਦਾ ਮਨ ਖ਼ੁਸ਼ ਕਰ ਦਿੱਤਾ। ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ 24 ਅਕਤੂਬਰ ਨੂੰ ਦੁਬਈ ਵਿਚ ਟੀ-20 ਵਿਸ਼ਵ ਕੱਪ ਦਾ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸੇ ਦਿਨ ਥਾਈਲੈਂਡ ਵਿਚ ਦੋਵਾਂ ਦੇਸ਼ਾਂ ਦੀਆਂ ਅੰਡਰ-19 ਮਹਿਲਾ ਫੁੱਟਬਾਲ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਇਕਤਰਫ਼ਾ ਅੰਦਾਜ਼ ਵਿਚ ਧੂੜ ਚਟਾਈ। ਭਾਰਤ ਨੇ ਏਐੱਫਸੀ ਅੰਡਰ-19 ਕੁਆਲੀਫਾਇਰਜ਼ ਦੇ ਪਹਿਲੇ ਮੈਚ ਵਿਚ ਸ਼ੁਰੂਆਤ ਤੋਂ ਹੀ ਪਕੜ ਬਣਾਈ ਰੱਖੀ ਤੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰ ਕੇ ਪਾਕਿਸਤਾਨੀ ਟੀਮ ਨੂੰ ਪੂਰੇ ਮੁਕਾਬਲੇ ਵਿਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।
ਰੇਨੂ ਨੇ ਕੀਤੇ ਪੰਜ ਗੋਲ
ਭਾਰਤ ਲਈ ਸਭ ਤੋਂ ਵੱਧ ਪੰਜ ਗੋਲ ਰੇਨੂ ਨੇ ਕੀਤੇ ਇਸ ਤੋਂ ਇਲਾਵਾ ਮਨੀਸ਼ਾ ਨੇ ਤਿੰਨ, ਦੇਵਨੀਤਾ ਨੇ ਦੋ, ਦਇਆ ਨੇ ਦੋ, ਰੋਜਾ ਨੇ ਦੋ ਗੋਲ ਕੀਤੇ ਜਦਕਿ ਪਪਕੀ ਨੇ ਇਕ, ਜਬਾਮਾਨੀ ਨੇ ਇਕ ਤੇ ਸੌਮਿਆ ਨੇ ਇਕ ਗੋਲ ਕੀਤਾ। ਪਾਕਿਸਤਾਨ ਵੱਲੋਂ ਇਮਾਨ ਫੈਯਾਜ ਨੇ ਆਤਮਘਾਤੀ ਗੋਲਕੀਤਾ।