Pakistan demands Ajmer crossing route: ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬਦਲੇ ਆਪਣੇ ਮੁਸਲਮਾਨਾਂ ਲਈ ਅਜਮੇਰ ਸ਼ਰੀਫ ਦੇ ਲਾਂਘੇ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਹੈ । ਇਸ ਸਬੰਧੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਮੰਤਰੀ ਸਈਦ ਸਰਦਾਰ ਅਲੀ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਮੁਸਲਮਾਨਾਂ ਲਈ ਅਜਮੇਰ ਸ਼ਰੀਫ ਦਾ ਲਾਂਘਾ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਅਜਮੇਰ ਸ਼ਰੀਫ ਪਾਕਿਸਤਾਨ ਦੇ ਮੁਸਲਮਾਨਾਂ ਦੀ ਪਵਿੱਤਰ ਦਰਗਾਹ ਹੈ, ਜਿੱਥੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਮਿਲਦੀ । ਉੱਥੇ ਹੀ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਨਾਲ ਭਾਰਤੀ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ ।
ਦਰਅਸਲ, ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਖੁੱਲ੍ਹਦਿਲੀ ਦਿਖਾਈ ਜਾ ਰਹੀ ਹੈ, ਜਿਸਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਬੇਹੱਦ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ । ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਹੀ ਸਾਰੇ ਘਟਨਾ ਚੱਕਰ ਨੂੰ ਪਾਕਿਸਤਾਨ ਦੀ ਚਾਲ ਕਰਾਰ ਦੇ ਚੁੱਕੇ ਹਨ ।
ਇਸ ਮਾਮਲੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਗੋਪਾਲ ਸਿੰਘ ਚਾਵਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪ੍ਰਕਾਸ਼ ਪੁਰਬ ਸਮਾਰੋਹ ਤੋਂ ਬਾਅਦ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਖਾਲਿਸਤਾਨ ਨੂੰ ਲੈ ਕੇ ਇਕ ਬੈਠਕ ਕੀਤੀ ਜਾਵੇਗੀ ।