ਪਾਕਿਸਤਾਨ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਥੇ ਹੁਣ ਤਕ ਇਸ ਦੇ 725602 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 634835 ਮਰੀਜ਼ ਠੀਕ ਹੋਏ ਹਨ ਜਦਕਿ 15501 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਸਾਲ ਫਰਵਰੀ ਤੋਂ ਬਾਅਦ ਤੋਂ ਹੀ ਇਥੇ ਲਗਾਤਾਰ ਮਾਮਲਿਆਂ ‘ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਜਿਥੇ ਸਰਕਾਰ ਪਰੇਸ਼ਾਨ ਹੈ ਉਥੇ ਹੀ ਲੋਕ ਲਾਪਰਵਾਹ ਹੋ ਰਹੇ ਹਨ। ਇਹ ਸੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਹਤ ਸਬੰਧੀ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਡਾਇਰੈਕਟਰ ਫੈਜ਼ਲ ਸੁਲਤਾਨ ਨੇ ਕਹੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਸਿਰਫ ਪੰਜ ਫੀਸਦੀ ਹੀ ਅਜਿਹੇ ਲੋਕ ਹਨ ਜੋ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਘਰਾਂ ਤੋਂ ਬਾਹਰ ਨਿਕਲਣ ‘ਤੇ ਮਾਸਕ ਲਗਾ ਰਹੇ ਹਨ। ਇਸ ਤੋਂ ਇਲਾਵਾ ਦੇਸ਼ ‘ਚ 95 ਫੀਸਦੀ ਲੋਕ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਤਾਕ ‘ਤੇ ਰੱਖ ਕੇ ਦੂਸਰੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਕਰ ਰਹੇ ਹਨ। ਦੇਸ਼ ‘ਚ ਵਧਦੇ ਕੋੋਰੋਨਾ ਮਾਮਲਿਆਂ ‘ਤੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡਾਇਰੈਕਟਰ ਫੈਜ਼ਲ ਨੇ ਇਹ ਅਹਿਮ ਬਿਆਨ ਦਿੱਤਾ ਹੈ।
ਪਾਕਿਸਤਾਨ ਦੀ ਅਖਬਾਰ ਦਿ ਡਾਨ ਅਨੁਸਾਰ ਉਨ੍ਹਾਂ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਲਈ ਸਿੱਧੇ ਤੌਰ ‘ਤੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਹੈ ਕਿ ਲੋਕ ਸਰਕਾਰ ਵੱਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਨੂੰ ਨਹੀਂ ਮੰਨ ਰਹੇ ਹਨ।