Bus Accident ਉੱਤਰੀ ਪਾਕਿਸਤਾਨ ਵਿੱਚ ਅੱਜ ਇਕ ਸਵਾਰੀਆਂ ਨਾਲ ਭਰੀ ਇੱਕ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਘੱਟੋ -ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਰਾਵਲਪਿੰਡੀ ਤੋਂ ਸਕਰਦੂ ਜਾ ਰਹੀ ਸੀ। ਇਸ ਦੌਰਾਨ ਅਚਾਨਕ ਬੱਸ ਗਿਲਗਿਤ ਦੇ ਨਜ਼ਦੀਕ ਸਿੰਧ ਨਦੀ ‘ਚ ਡਿੱਗ ਗਈ ਹੈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 26 ਦੱਸੀ ਜਾ ਰਹੀ ਹੈ।
ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੌਂਦੋ ਦੇ ਸਹਾਇਕ ਕਮਿਸ਼ਨਰ ਗੁਲਾਮ ਮੁਰਤਜ਼ਾ ਮੁਤਾਬਿਕ ਇਸ ਹਾਦਸੇ ਵਿੱਚ ਘੱਟੋ ਘੱਟ 23 ਯਾਤਰੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ 23 ਮ੍ਰਿਤਕਾਂ ਵਿੱਚੋਂ ਤਿੰਨ ਦੀ ਮੌਤ ਸਕਰਦੂ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ। ਪਾਕਿਸਤਾਨੀ ਸੈਨਾ ਦੇ ਹੈਲੀਕਾਪਟਰ ਲਾਸ਼ਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚਲਾ ਰਹੇ ਹਨ। ਗਿਲਗਿਤ ਬਾਲਿਤਸਤਾਨ ਦੇ ਰਾਜਪਾਲ ਜਲਾਲ ਹੁਸੈਨ ਮਕਪੂਨ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ।