ਅੱਤਵਾਦੀ ਜਮਾਤਾਂ ਨੂੰ ਖੁੱਲ੍ਹੇ ਤੌਰ ‘ਤੇ ਸਮਰਥਨ ਦੇਣ ਲਈ ਦੁਨੀਆ ਭਰ ‘ਚ ਬਦਨਾਮ ਪਾਕਿਸਤਾਨ ਨੂੰ ਅਮਰੀਕਾ ਨੇ ਫਿਰ ਕਟਹਿਰੇ ‘ਚ ਖੜ੍ਹਾ ਕੀਤਾ ਹੈ। ਵਾਸ਼ਿੰਗਟਨ ਨੇ ਪਾਕਿਸਤਾਨ ਹਮਾਇਤੀ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਦੀਨ ਤੇ ਹਰਕਤ-ਉਲ-ਮੁਜਾਹਦੀਨ-ਇਸਲਾਮੀ ਸਮੇਤ ਕਈ ਵਿਸ਼ਵ ਪੱਧਰੀ ਅੱਤਵਾਦੀ ਜਮਾਤਾਂ ‘ਤੇ ਨਕੇਲ ਕੱਸੀ ਹੈ। ਅਮਰੀਕੀ ਵਿੱਤ ਵਿਭਾਗ ਨੇ ਇਨ੍ਹਾਂ ਪਾਬੰਦੀਸ਼ੁਦਾ ਅੱਤਵਾਦੀ ਜਮਾਤਾਂ ਦੇ ਛੇ ਕਰੋੜ 30 ਲੱਖ ਡਾਲਰ (ਕਰੀਬ 460 ਕਰੋੜ ਰੁਪਏ) ਦੇ ਫੰਡ ਨੂੰ ਬਲਾਕ ਕਰ ਦਿੱਤਾ ਹੈ।
ਵਿੱਤ ਵਿਭਾਗ ਨੇ ਵੀਰਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਅਮਰੀਕੀ ਕਾਰਵਾਈ ਵਿਚ ਲਸ਼ਕਰ ਦੇ ਤਿੰਨ ਲੱਖ 42 ਹਜ਼ਾਰ ਡਾਲਰ ਦੇ ਫੰਡ ‘ਤੇ ਰੋਕ ਲੱਗ ਗਈ ਹੈ। ਇਸੇ ਤਰ੍ਹਾਂ ਜੈਸ਼ ਦੇ 1,725 ਡਾਲਰ ਅਤੇ ਹਰਕਤ ਦੇ 45 ਹਜ਼ਾਰ 798 ਡਾਲਰ ਜ਼ਬਤ ਕੀਤੇ ਗਏ ਹਨ ਜਦਕਿ ਹਿਜ਼ਬੁਲ ਮੁਜਾਹਦੀਨ ਦੇ ਚਾਰ ਹਜ਼ਾਰ 321 ਡਾਲਰ ਦਾ ਫੰਡ ਬਲਾਕ ਹੋਇਆ ਹੈ।
ਕਸ਼ਮੀਰ ਵਿਚ ਸਰਗਰਮ ਇਨ੍ਹਾਂ ਅੱਤਵਾਦੀ ਜਮਾਤਾਂ ਦੇ ਇਲਾਵਾ ਅਮਰੀਕਾ ਨੇ ਕੁਝ ਹੋਰ ਪਾਕਿਸਤਾਨੀ ਜਮਾਤਾਂ ‘ਤੇ ਵੀ ਸਖ਼ਤੀ ਕੀਤੀ ਹੈ। ਵਿੱਤ ਵਿਭਾਗ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਫੰਡ ਨੂੰ ਵੀ ਬਲਾਕ ਕੀਤਾ ਹੈ। ਰਿਪੋਰਟ ਅਨੁਸਾਰ ਅਮਰੀਕਾ ਨੇ ਸਾਲ 2019 ਵਿਚ ਕਰੀਬ 70 ਪਾਬੰਦੀਸ਼ੁਦਾ ਅੱਤਵਾਦੀ ਜਮਾਤਾਂ ਦੇ ਛੇ ਕਰੋੜ 30 ਲੱਖ ਡਾਲਰ ਦੇ ਫੰਡ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ। ਇਨ੍ਹਾਂ ਅੱਤਵਾਦੀ ਜਮਾਤਾਂ ਵਿਚ ਅਲਕਾਇਦਾ ਅਤੇ ਹੱਕਾਨੀ ਨੈੱਟਵਰਕ ਵੀ ਸ਼ਾਮਲ ਹਨ। ਅਮਰੀਕਾ ਨੇ ਅਲਕਾਇਦਾ ਨੂੰ ਸਭ ਤੋਂ ਜ਼ਿਆਦਾ ਆਰਥਿਕ ਸੱਟ ਪਹੁੰਚਾਈ ਹੈ। ਉਸ ਦੇ ਕਰੀਬ 40 ਲੱਖ ਡਾਲਰ ਦੇ ਫੰਡ ਨੂੰ ਜ਼ਬਤ ਕੀਤਾ ਹੈ।