Pakistan PM Imran Khan: ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰਨਾ ਵਾਇਰਸ ਦੇ ਵੱਧ ਰਹੇ ਕਹਿਰ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ । ਇਮਰਾਨ ਨੇ ਕਿਹਾ ਕਿ ਅਸੀਂ ਬਹੁਤ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹਾਂ । ਅਸੀਂ ਅਮਰੀਕਾ ਅਤੇ ਯੂਰਪ ਵਰਗੇ ਅਮੀਰ ਨਹੀਂ ਹਾਂ, ਜੇ ਅਸੀਂ ਕੋਰੋਨਾ ਤੋਂ ਬਚ ਜਾਂਦੇ ਹਾਂ ਤਾਂ ਸਾਡੇ ਲੋਕ ਭੁੱਖ ਨਾਲ ਮਰ ਜਾਣਗੇ । ਦੱਸ ਦੇਈਏ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਕਿਹਾ ਕਿ ਏਅਰਪੋਰਟ ‘ਤੇ ਹੁਣ ਤੱਕ 9 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਦਾ ਪਹਿਲਾ ਕੇਸ 26 ਫਰਵਰੀ ਨੂੰ ਆਇਆ ਸੀ ।
ਇਸ ਬਾਰੇ ਗੱਲ ਕਰਦਿਆਂ ਇਮਰਾਨ ਨੇ ਅੱਗੇ ਕਿਹਾ ਕਿ ਸਾਡੀ ਸਥਿਤੀ ਅਮਰੀਕਾ ਅਤੇ ਯੂਰਪ ਵਰਗੀ ਨਹੀਂ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕ ਪਾਸੇ ਕੋਰੋਨਾ ਵਾਇਰਸ ਤੋਂ ਬਚ ਜਾਂਦੇ ਹਾਂ ਤਾਂ ਸਾਡੇ ਲੋਕ ਭੁੱਖ ਨਾਲ ਮਰ ਜਾਣਗੇ । ਇਮਰਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਪਣੀ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ । ਇਮਰਾਨ ਨੇ ਕਿਹਾ ਕਿ ਚੀਨ ਨੇ ਕੋਰੋਨਾ ਖ਼ਿਲਾਫ਼ ਲੜਾਈ ਸਿਰਫ ਇਸ ਲਈ ਜਿੱਤੀ ਕਿਉਂਕਿ ਉਥੋਂ ਦੇ ਲੋਕਾਂ ਨੇ ਸਰਕਾਰ ਦਾ ਸਮਰਥਨ ਕੀਤਾ ।
ਦੱਸ ਦਈਏ ਕਿ ਪਾਕਿਸਤਾਨ ਕੋਰੋਨਾ ਤੋਂ ਪੀੜਤਾਂ ਦੀ ਗਿਣਤੀ 193 ਹੋ ਗਈ ਹੈ । ਪਾਕਿਸਤਾਨ ਦੀ ਆਰਥਿਕਤਾ ਬਹੁਤ ਮਾੜੇ ਪੜਾਅ ਵਿਚੋਂ ਲੰਘ ਰਹੀ ਹੈ, ਅਜਿਹੀ ਸਥਿਤੀ ਵਿੱਚ ਇੱਕ ਪਾਸੇ ਕੋਰੋਨਾ ਨਾਲ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਜਨਤਾ ਦਾ ਪੇਟ ਭਰਨਾ ਇਮਰਾਨ ਅੱਗੇ ਦੋ ਬਹੁਤ ਵੱਡੀਆਂ ਚੁਣੌਤੀਆਂ ਹਨ ।
ਜ਼ਿਕਰਯੋਗ ਹੈ ਕਿ ਇਰਾਨ ਦੇ ਨਾਲ ਲੱਗਦੇ ਪਾਕਿਸਤਾਨ ਦੇ ਸਿੰਧ ਵਿੱਚ ਅਚਾਨਕ ਕੋਰੋਨਾ ਵਾਇਰਸ ਦੇ ਕੇਸਾਂ ਦੇ ਵਧਣ ਨੇ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ । ਉੱਥੇ ਹੀ ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਨੂੰ ਵੱਧ ਕੇ 193 ਹੋ ਗਈ ਹੈ । ਇਸ ਵਿੱਚ ਲਾਹੌਰ ਤੋਂ ਇੱਕ ਸ਼ੱਕੀ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਵੀ ਹੈ ਜਿਸ ਕਾਰਨ ਸੰਕਟ ਅਚਾਨਕ ਗੰਭੀਰ ਦਿਖਾਈ ਦਿੰਦਾ ਹੈ । ਸਥਿਤੀ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਨੂੰ ਸੰਬੋਧਿਤ ਕਰ ਸਕਦੇ ਹਨ । ਉਹ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇ ਸਕਦੇ ਹਨ ।