ਲਾਹੌਰ: ਪਾਕਿਸਤਾਨ ਹਕੂਮਤ ਨੇ ਸ਼ਨਿੱਚਰਵਾਰ ਨੂੰ ਖੁਲਾਸਾ ਕੀਤਾ ਕਿ ਇਸ ਮਹੀਨੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿੱਚ ਅਮਰੀਕੀ ਫਾਸਟ-ਫੂਡ ਚੇਨਾਂ ਦੇ ਘੱਟੋ-ਘੱਟ 20 ਆਉਟਲੈਟਾਂ ‘ਤੇ ਧਾਰਮਿਕ ਕੱਟੜਪੰਥੀਆਂ ਨੇ ਹਮਲੇ ਕੀਤੇ ਹਨ। ਅਜਿਹੇ ਹਮਲਿਆਂ ਵਿਚ ਕੇਐਫ਼ਸੀ (Kentucky Fried Chicken – KFC) ਆਉਟਲੈਟਾਂ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਕਰੀਬ 160 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਆਦਾਤਰ ਹਮਲਿਆਂ ਵਿੱਚ ਕੱਟੜਪੰਥੀ ਇਸਲਾਮੀ ਪਾਰਟੀ – ਤਹਿਰੀਕ-ਏ-ਲਬੈਕ ਪਾਕਿਸਤਾਨ (Tehreek-e-Labbaik Pakistan – TLP) – ਦੇ ਕਾਰਕੁਨ ਸ਼ਾਮਲ ਦੱਸੇ ਜਾਂਦੇ ਸਨ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ (Interior State Minister Tallal Chaudhry) ਨੇ ਸ਼ਨਿੱਚਰਵਾਰ ਨੂੰ ਇੱਥੋਂ ਨੇੜੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਜਾਨ-ਮਾਲ ਦੀ ਰੱਖਿਆ ਕਰੇਗੀ, ਭਾਵੇਂ ਉਹ ਪਾਕਿਸਤਾਨੀ ਕਾਰੋਬਾਰਾਂ ਦੇ ਹੋਣ ਜਾਂ ਇੱਥੇ ਨਿਵੇਸ਼ ਕਰਨ ਵਾਲੇ ਵਿਦੇਸ਼ੀਆਂ ਦੇ।
ਉਨ੍ਹਾਂ ਦਾਅਵਾ ਕੀਤਾ, “ਕੁਝ ਪਾਰਟੀ ਦੇ ਵਰਕਰ ਆਪਣੀ ਨਿੱਜੀ ਹੈਸੀਅਤ ਵਿੱਚ ਮੌਜੂਦ ਹੋ ਸਕਦੇ ਹਨ, ਪਰ ਕੋਈ ਵੀ ਪਾਰਟੀ ਇਸ ਅਪਰਾਧ ਨਾਲ ਜੁੜੀ ਨਹੀਂ ਹੈ। ਦਰਅਸਲ, ਧਾਰਮਿਕ ਅਤੇ ਹੋਰ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪ ਨੂੰ ਇਸ ਸਭ ਕਾਸੇ ਤੋਂ ਲਾਂਭੇ ਕਰ ਲਿਆ ਹੈ।”
ਵਜ਼ੀਰ ਨੇ ਕਿਹਾ ਕਿ ਹਾਲ ਹੀ ਵਿੱਚ ਪਾਕਿਸਤਾਨ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਕੇਐਫਸੀ ‘ਤੇ ਲਗਭਗ 20 ਹਮਲੇ ਹੋਏ ਹਨ ਅਤੇ ਦੇਸ਼ ਵਿੱਚ ਕੇਐਫਸੀ ‘ਤੇ ਹਮਲਿਆਂ ਦੇ ਸਬੰਧ ਵਿੱਚ ਕੁੱਲ 160 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਹਮਲਾਵਰਾਂ ਨੇ ਆਪਣੇ ਅਪਰਾਧਾਂ ਨੂੰ ਕਬੂਲ ਕੀਤਾ ਹੈ ਅਤੇ ਵੀਡੀਓ ਬਿਆਨਾਂ ਵਿੱਚ ਇਸ ’ਤੇ ਅਫਸੋਸ ਪ੍ਰਗਟਾਇਆ ਹੈ।