ਪਾਕਿਸਤਾਨ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ ‘ਤੇ ਵੀ ਅੱਤਿਆਚਾਰਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇਕ ਘਟਨਾ ਵਿਚ ਕੱਟੜਪੰਥੀ ਮੌਲਵੀਆਂ ਨਾਲ ਹਿੰਸਕ ਭੀੜ ਨੇ ਅਹਿਮਦੀਆ ਭਾਈਚਾਰੇ ਦੀ ਮਸਜਿਦ ਨੂੰ ਤੋੜ ਦਿੱਤਾ। ਇਹੀ ਨਹੀਂ ਅਰਾਜਕਤਾ ਦੇ ਇਸ ਕੰਮ ਵਿਚ ਪੁਲਿਸ ਵੀ ਮੌਜੂਦ ਰਹਿ ਕੇ ਕੱਟੜਪੰਥੀਆਂ ਦੀ ਮਦਦ ਕਰਦੀ ਰਹੀ।
ਪਾਕਿਸਤਾਨ ਦੀ ਅਸਲੀ ਤਸਵੀਰ ਨੂੰ ਪੇਸ਼ ਕਰਨ ਵਾਲੀ ਇਹ ਘਟਨਾ ਗੁਜਰਾਂਵਾਲਾ ਜ਼ਿਲ੍ਹੇ ਦੇ ਗਾਰਮੋਲਾ ਵਿਕਰਨ ਪਿੰਡ ਦੀ ਹੈ। ਇਸ ਘਟਨਾ ‘ਤੇ ਸਰਕਾਰ ਦੀ ਚੁੱਪੀ ਨੂੰ ਇਕ ਪੱਤਰਕਾਰ ਬਿਲਾਲ ਫਾਰੂਕੀ ਨੇ ਟਵਿੱਟਰ ‘ਤੇ ਪੋਸਟ ਕਰ ਕੇ ਤੋੜ ਦਿੱਤਾ। ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਪੱਤਰਕਾਰ ਅਨੁਸਾਰ ਕੱਟੜਪੰਥੀ ਮੌਲਵੀਆਂ ਨਾਲ ਸੈਂਕੜੇ ਲੋਕਾਂ ਦੀ ਭੀੜ ਅਹਿਮਦੀਆ ਭਾਈਚਾਰੇ ਦੀ ਮਸਜਿਦ ਵਿਚ ਪੁੱਜੀ। ਇਨ੍ਹਾਂ ਦੇ ਨਾਲ ਪੁਲਿਸ ਵੀ ਸੀ। ਇੱਥੇ ਪੁੱਜ ਕੇ ਭੀੜ ਨੇ ਭੰਨਤੋੜ ਸ਼ੁਰੂ ਕਰ ਦਿੱਤੀ। ਬਾਅਦ ਵਿਚ ਹਿੰਸਕ ਭੀੜ ਨੇ ਮਸਜਿਦ ਦੀਆਂ ਮੀਨਾਰਾਂ ਅਤੇ ਗੁੰਬਦ ਵੀ ਤੋੜ ਦਿੱਤੇ। ਜਿੱਥੇ ਕਲਮਾ ਲਿਖੇ ਹੋਏ ਸਨ, ਉਨ੍ਹਾਂ ਨੂੰ ਵੀ ਅਪਵਿੱਤਰ ਕਰ ਦਿੱਤਾ।ਪਾਕਿਸਤਾਨ ‘ਚ ਲਗਪਗ 40 ਲੱਖ ਅਹਿਮਦੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਨ੍ਹਾਂ ਨੂੰ ਪਾਕਿਸਤਾਨ ਵਿਚ ਘੱਟ ਗਿਣਤੀ ਮੰਨਿਆ ਜਾਂਦਾ ਹੈ। ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਤਰ੍ਹਾਂ ਇਨ੍ਹਾਂ ‘ਤੇ ਵੀ ਅੱਤਿਆਚਾਰ ਹੋ ਰਹੇ ਹਨ। ਇਸ ਤੋਂ ਪਹਿਲੇ ਇੱਥੇ ਅਹਿਮਦੀਆ ਭਾਈਚਾਰੇ ਦੀ ਸੌ ਸਾਲ ਪੁਰਾਣੀ ਮਸਜਿਦ ਨੂੰ ਤੋੜ ਦਿੱਤਾ ਗਿਆ ਸੀ। ਪੱਤਰਕਾਰ ਵੱਲੋਂ ਇਸ ਖ਼ਬਰ ਨੂੰ ਟਵੀਟ ਕਰਦੇ ਹੀ ਇੰਟਰਨੈੱਟ ਮੀਡੀਆ ‘ਤੇ ਵੀ ਪਾਕਿਸਤਾਨ ਅਤੇ ਇੱਥੋਂ ਦੀ ਕੱਟੜਪੰਥੀ ਸੋਚ ਦੀ ਆਲੋਚਨਾ ਹੋ ਰਹੀ ਹੈ। ਅਹਿਮਦੀਆ ਭਾਈਚਾਰੇ ‘ਤੇ ਪਾਕਿਸਤਾਨ ਵਿਚ ਜ਼ੁਲਮ ਹੋਣ ਦੇ ਸਬੰਧ ਵਿਚ ਬਿ੍ਟੇਨ ਦੇ ਸਰਬ ਪਾਰਟੀ ਸੰਸਦੀ ਗਰੁੱਪ ਦੀ ਇਕ ਰਿਪੋਰਟ ਵਿਚ ਵੀ ਅਸਲੀਅਤ ਖੋਲ੍ਹੀ ਗਈ ਸੀ।
ਅੌਰਤ ਮਾਰਚ ਦੇ ਪ੍ਰਬੰਧਕਾਂ ‘ਤੇ ਈਸ਼ਨਿੰਦਾ ਤਹਿਤ ਕਾਰਵਾਈ
ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੌਰਤ ਮਾਰਚ ਦੇ ਪ੍ਰਬੰਧਕਾਂ ਖ਼ਿਲਾਫ਼ ਈਸ਼ਨਿੰਦਾ ਕਾਨੂੰਨ ਤਹਿਤ ਕਾਰਵਾਈ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਵਿਚ ਅੌਰਤਾਂ ਆਪਣੇ ਅਧਿਕਾਰਾਂ ਲਈ ਹਰ ਸਾਲ ਮਹਿਲਾ ਦਿਵਸ ‘ਤੇ ਅੌਰਤ ਮਾਰਚ ਕੱਢਦੀਆਂ ਹਨ। ਇਸ ਨੂੰ ਲੈ ਕੇ ਕੱਟੜਪੰਥੀਆਂ ਵਿਚ ਹਲਚਲ ਮਚੀ ਰਹਿੰਦੀ ਹੈ। ਇਸ ਵਾਰ ਇਸ ਦੇ ਪ੍ਰਬੰਧਕਾਂ ‘ਤੇ ਈਸ਼ਨਿੰਦਾ ਕਾਨੂੰਨ ਤਹਿਤ ਕਾਰਵਾਈ ਚੱਲ ਰਹੀ ਹੈ।