ਚਰਖੀ ਦਾਦਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰੀ ਹਿੱਤ ਲਈ ਜੋ ਵੀ ਕਾਰਵਾਈ ਜ਼ਰੂਰੀ ਹੈ, ਉਹ ਡੰਕੇ ਦੀ ਚੋਟ ‘ਤੇ ਉਹ ਕਾਰਵਾਈ ਕਰਦੇ ਰਹਿਣਗੇ। ਜੰਮੂ-ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ਚਾਹੇ ਕਿੰਨੇ ਵੀ ਇਤਰਾਜ਼ ਹੋਣ, ਅਸੀਂ ਦੇਸ਼ ਦੇ ਹਿੱਤ ਲਈ ਕੋਈ ਕਦਮ ਚੁੱਕਣ ਤੋਂ ਹਿਚਕਿਚਾਵਾਂਗੇ ਨਹੀਂ। ਉਨ੍ਹਾਂ ਪਾਕਿਸਤਾਨ ਖਿਲਾਫ ਇਕ ਹੋਰ ਵੱਡਾ ਕਦਮ ਚੁੱਕਣ ਦੀ ਗੱਲ ਕੀਤੀ। ਉਨ੍ਹਾਂ ਨੇ ਹੁਣ ਪਾਕਿਸਤਾਨ ਵਿਰੁੱਧ ਪਾਣੀ ‘ਤੇ ਸਰਜੀਕਲ ਸਟ੍ਰਾਈਕ ਦਾ ਸੰਕੇਤ ਦਿੱਤੇ।
ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਦਰਿਆਵਾਂ ਦਾ ਪਾਣੀ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਸਾਡੇ ਕਿਸਾਨਾਂ ਨੂੰ ਉੱਥੇ ਜਾ ਰਿਹਾ ਪਾਣੀ ਮਿਲੇਗਾ। ਮੋਦੀ ਨੇ ਕਿਹਾ ਕਿ ਪਾਕਿ ਨੂੰ ਜਾਣ ਵਾਲੇ ਪਾਣੀ ‘ਤੇ ਹਰਿਆਣਾ, ਪੰਜਾਬ ਤੇ ਰਾਜਸਥਾਨ ਦਾ ਹੱਕ ਹੈ।
ਪ੍ਰਧਾਨ ਮੰਤਰੀ ਦਾਦਰੀ ਤੋਂ ਬਾਅਦ ਕੁਰੂਕਸ਼ੇਤਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਬੀਜੇਪੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੀਵਾਲੀ ਧੀਆਂ ਦੀ ਦੀਵਾਲੀ ਹੋਣੀ ਚਾਹੀਦੀ ਹੈ। ਇੱਕ ਦੀਵੇ ਵਾਲੀ ਅਤੇ ਦੂਜੀ ਕਮਲ ਵਾਲੀ।