Detective dogs : ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਲਈ ਕਸਟਮ ਵਿਭਾਗ ਨੇ ਅਟਾਰੀ ਬਾਰਡਰ ਵਿਖੇ ਸਨਿੱਫਰ ਡਾਗ ਟ੍ਰੇਨਿੰਗ ਸੈਂਟਰ ਸ਼ੁਰੂ ਕੀਤਾ। ਸਨਿੱਫਰ ਡਾਗ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਮੁੱਖ ਮਹਿਮਾਨ ਡਾ. ਜੌਹਨ ਜੌਸਫ਼ ਮੈਂਬਰ ਸੀਬੀਆਈਸੀ, ਚੀਫ ਕਮਿਸ਼ਨਰ ਰੰਜਨਾ ਅਤੇ ਚੀਫ ਕਮਿਸ਼ਨਰ ਸੁਰੇਸ਼ ਕਿਸ਼ਨਾਨੀ ਨੇ ਕੀਤਾ । ਇਸ ਦੌਰਾਨ ਇਕ ਮਹੀਨਾ ਚੱਲੀ ਸਿਖਲਾਈ ਤੋਂ ਬਾਅਦ ਕੁੱਤਿਆਂ ਦੀ ਰਿਹਰਸਲ ਵੀ ਕਰਵਾਈ ਗਈ।
ਸਮਾਗਮ ਦੌਰਾਨ ਕਸਟਮ ਵਿਭਾਗ ਦੀਆਂ ਪ੍ਰਾਪਤੀਆਂ ਸਬੰਧੀ ‘ਸਤਯ ਕੀ ਖੋਜ’ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ, ਬ੍ਰਿਗੇਡੀਅਰ ਏਕੇ ਸਿੰਘ, ਪ੍ਰੋ. (ਕਰਨਲ) ਪਰਮਜੀਤ ਸਿੰਘ ਮਾਵੀ, ਡੀਆਈਜੀ ਭੁਪਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਤੇ ਵਪਾਰੀ ਹਾਜ਼ਰ ਸਨ। ਇਸ ਮੌਕੇ ਡਾ. ਜੌਹਨ ਜੌਸਫ਼ ਮੈਂਬਰ ਸੀਬੀਆਈਸੀ, ਚੀਫ ਕਮਿਸ਼ਨਰ ਨਵੀਂ ਦਿੱਲੀ ਰੰਜਨਾ ਝਾਅ, ਚੀਫ ਕਮਿਸ਼ਨਰ ਸੁਰੇਸ਼ ਕਿਸ਼ਨਾਨੀ ਅਤੇ ਕਮਿਸ਼ਨਰ ਅੰਮਿ੍ਤਸਰ ਦੀਪਕ ਕੁਮਾਰ ਗੁਪਤਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਹ ਪਾਇਲਟ ਪ੍ਰਾਜੈਕਟ ਦੇਸ਼ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ, ਜਿਸ ਰਾਹੀਂ ਕਸਟਮ ਵਿਭਾਗ ਦੇਸ਼ ਦੀ ਸੁਰੱਖਿਆ ਲਈ ਡਾਗ ਤਿਆਰ ਕਰੇਗਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਹੋਰ 16 ਸੈਂਟਰ ਖੋਲ੍ਹੇ ਜਾਣਗੇ।
ਇਨ੍ਹਾਂ ਸੈਂਟਰਾਂ ‘ਚ ਕੁੱਤਿਆਂ ਨੂੰ ਸਿੱਖਿਅਤ ਕੀਤਾ ਜਾਵੇਗਾ। ਇਹ ਪਹਿਲਾ ਸੈਂਟਰ ਹੈ ਜਿੱਥੇ ਸਿਖਲਾਈ ਪ੍ਰਰਾਪਤ ਕੁੱਤੇ ਨਸ਼ੀਲੇ ਪਦਾਰਥਾਂ ਤੇ ਵਿਸਫੋਟਕ ਸਮੱਗਰੀ ਆਦਿ ਦੀ ਸਨਾਖ਼ਤ ਕਰ ਸਕਦੇ ਹਨ। ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨ ਦੀ ਚੈਕਿੰਗ ਲਈ ਆਈਸੀਪੀ ਅਟਾਰੀ ਵਿਖੇ ਜਲਦੀ ਹੀ ਸਕੈਨਰ ਸ਼ੁਰੂ ਹੋ ਜਾਵੇਗਾ।