ਇਸਲਾਮਾਬਾਦ : ਪਾਕਿਸਤਾਨ ਦੀ ਨਕਦੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਚੀਨ ਉਸ ਨੂੰ ਢਾਈ ਅਰਬ ਡਾਲਰ (17,865 ਕਰੋੜ ਭਾਰਤੀ ਰੁਪਏ) ਦਾ ਕਰਜ਼ ਦੇਵੇਗਾ। ਇਸ ਕਰਜ਼ ਦਾ ਫ਼ੈਸਲਾ ਪਿਛਲੇ ਮਹੀਨੇ ਪਾਕਿਸਤਾਨ ਦੇ ਪ੍ਧਾਨ ਮੰਤਰੀ ਇਮਰਾਨ ਖ਼ਾਨ ਦੀ ਚੀਨ ਯਾਤਰਾ ਦੌਰਾਨ ਹੋਇਆ ਸੀ।
ਪਾਕਿਸਤਾਨ ਪਿਛਲੇ ਕਈ ਮਹੀਨਿਆਂ ਤੋਂ ਨਕਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਸਿਰਫ਼ 8.12 ਅਰਬ ਡਾਲਰ ਬਚੇ ਹਨ ਜੋ ਉਸ ਦੇ ਸੱਤ ਹਫ਼ਤਿਆਂ ਦੀ ਦਰਾਮਦ ਦਾ ਹੀ ਭੁਗਤਾਨ ਕਰ ਸਕਦੇ ਹਨ। ਵਿਦੇਸ਼ੀ ਮੁਦਰਾ ਭੰਡਾਰ ਵਿਚ ਇਹ ਧਨ ਰਾਸ਼ੀ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੀ ਘੱਟੋ ਘੱਟ ਧਨ ਰਾਸ਼ੀ ਦੇ ਮਾਪਦੰਡਾਂ ਤੋਂ ਕਾਫ਼ੀ ਘੱਟ ਹੈ। ਪਾਕਿਸਤਾਨ ਦੀ ਇਸ ਸਥਿਤੀ ਕਾਰਨ ਵਿਸ਼ਵ ਬੈਂਕ ਅਤੇ ਏਸ਼ਿਆਈ ਵਿਕਾਸ ਬੈਂਕ ਹੋਰ ਕਰਜ਼ਾ ਨਹੀਂ ਦੇ ਰਹੇ ਹਨ। ਪਾਕਿਸਤਾਨੀ ਵਿੱਤ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਅਖ਼ਬਾਰ ‘ਐਕਸਪ੍ਰੈੱਸ ਟਿ੍ਬਿਊਨ’ ਨੇ ਦੱਸਿਆ ਹੈ ਕਿ ਚੀਨ ਢਾਈ ਅਰਬ ਡਾਲਰ ਦਾ ਕਰਜ਼ਾ ਦੇਵੇਗਾ। ਇਸ ਧਨ ਰਾਸ਼ੀ ਨੂੰ ਮਿਲਾ ਕੇ ਚਾਲੂ ਵਿੱਤ ਸਾਲ ਵਿਚ ਪਾਕਿਸਤਾਨ ਨੂੰ ਚੀਨ ਤੋਂ ਕੁੱਲ 4.5 ਅਰਬ ਡਾਲਰ ਦੀ ਮਦਦ ਮਿਲੇਗੀ। ਇਸ ਤੋਂ ਪਹਿਲੇ ਜੁਲਾਈ 2018 ਵਿਚ ਚੀਨ ਨੇ ਪਾਕਿਸਤਾਨ ਨੂੰ ਦੋ ਅਰਬ ਡਾਲਰ ਦੀ ਮਦਦ ਦਿੱਤੀ ਸੀ। ਪਿਛਲੇ ਪੰਜ ਸਾਲਾਂ ਵਿਚ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਆਰਥਿਕ ਮਦਦ ਕਰਨ ਵਾਲਾ ਦੇਸ਼ ਚੀਨ ਰਿਹਾ ਹੈ।
ਸੱਤਾ ਸੰਭਾਲਣ ਪਿੱਛੋਂ ਪ੍ਧਾਨ ਮੰਤਰੀ ਇਮਰਾਨ ਖ਼ਾਨ ਨੇ ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਾ ਕੇ ਕਰਜ਼ੇ ਦਾ ਇੰਤਜ਼ਾਮ ਕੀਤਾ ਹੈ। ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ 14.5 ਅਰਬ ਡਾਲਰ ਦਾ ਕਰਜ਼ੇ ਦਾ ਭਰੋਸਾ ਮਿਲਿਆ ਹੈ। ਵੈਸੇ ਪਾਕਿਸਤਾਨ ਨੂੰ ਘੱਟੋ ਘੱਟ 25 ਅਰਬ ਡਾਲਰ ਦੀ ਹੈ। ਇਮਰਾਨ ਦੀ ਕੋਸ਼ਿਸ਼ ਪਾਕਿਸਤਾਨ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੀ ਹੈ। ਇਸ ਲਈ ਲਈ ਉਹ ਕੁਝ ਹੋਰ ਦੇਸ਼ਾਂ ਤੋਂ ਵੀ ਧਨ ਇਕੱਠਾ ਕਰਨ ਦੀ ਕੋਸ਼ਿਸ ਕਰ ਰਹੇ ਹਨ।